ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ! ਬਿੱਲਾਂ ਨੇ ਵਧਾਈ ਪਰੇਸ਼ਾਨੀ, ਪਾਵਰਕਾਮ ਦਫ਼ਤਰ 'ਚ...

Saturday, Jul 04, 2026 - 10:32 AM (IST)

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ! ਬਿੱਲਾਂ ਨੇ ਵਧਾਈ ਪਰੇਸ਼ਾਨੀ, ਪਾਵਰਕਾਮ ਦਫ਼ਤਰ 'ਚ...

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਪਾਵਰਕਾਮ ਦਫ਼ਤਰ ’ਚ ਮੁਲਾਜ਼ਮਾਂ ਦੀ ਭਾਰੀ ਕਮੀ ਅਤੇ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੀਟਰ ਰੀਡਰਾਂ ਦੀ ਚੱਲ ਰਹੀ ਹੜਤਾਲ ਦਾ ਸਿੱਧਾ ਅਸਰ ਹਜ਼ਾਰਾਂ ਬਿਜਲੀ ਖ਼ਪਤਕਾਰਾਂ ’ਤੇ ਪੈ ਰਿਹਾ ਹੈ। ਸਟਾਫ਼ ਦੀ ਘਾਟ ਕਾਰਨ ਦਫ਼ਤਰ ਦਾ ਰੋਜ਼ਾਨਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਜਦੋਂ ਕਿ ਐਵਰੇਜ ਬਿੱਲਾਂ, ਨਵੇਂ ਮੀਟਰਾਂ ਅਤੇ ਖ਼ਾਤਾ ਨੰਬਰਾਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਲੈ ਕੇ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਦਫ਼ਤਰ ਦੇ ਚੱਕਰ ਲਗਾਉਣ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਜ਼ੀਰਕਪੁਰ ਪਾਵਰਕਾਮ ਦਫ਼ਤਰ ’ਚ ਕਰੀਬ 40 ਮੁਲਾਜ਼ਮਾਂ ਦੀ ਮਨਜ਼ੂਰਸ਼ੁਦਾ ਨਫ਼ਰੀ ਹੈ ਪਰ ਇਸ ਵੇਲੇ ਸਿਰਫ਼ ਦੋ ਤੋਂ ਚਾਰ ਮੁਲਾਜ਼ਮਾਂ ਦੇ ਸਹਾਰੇ ਹੀ ਪੂਰਾ ਕੰਮ ਚੱਲ ਰਿਹਾ ਹੈ। ਨਤੀਜੇ ਵਜੋਂ ਬਿਜਲੀ ਬਿੱਲਾਂ ’ਚ ਸੋਧ, ਨਵੇਂ ਕੁਨੈਕਸ਼ਨ, ਨਾਮ ਤਬਦੀਲੀ, ਖ਼ਾਤਾ ਨੰਬਰਾਂ ਦੀ ਜਾਣਕਾਰੀ ਅਤੇ ਹੋਰ ਕੰਮਾਂ ਲਈ ਆਉਣ ਵਾਲੇ ਖ਼ਪਤਕਾਰਾਂ ਨੂੰ ਘੰਟਿਆਂ ਬੱਧੀ ਕਤਾਰਾਂ ’ਚ ਖੜ੍ਹਾ ਰਹਿਣਾ ਪੈਂਦਾ ਹੈ। ਕਈ ਵਾਰ ਕੰਮ ਨਾ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ। ਮੀਟਰ ਰੀਡਰਾਂ ਅਤੇ ਠੇਕਾ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਡੇਢ ਮਹੀਨੇ ਤੋਂ ਮੀਟਰ ਰੀਡਿੰਗ ਦਾ ਕੰਮ ਪ੍ਰਭਾਵਿਤ ਹੋਣ ਕਾਰਨ ਵੱਡੀ ਗਿਣਤੀ ’ਚ ਖ਼ਪਤਕਾਰਾਂ ਨੂੰ ਐਵਰੇਜ ਬਿੱਲ ਜਾਰੀ ਕੀਤੇ ਜਾ ਰਹੇ ਹਨ। ਕਈ ਖ਼ਪਤਕਾਰਾਂ ਦਾ ਕਹਿਣਾ ਹੈ ਕਿ ਇਹ ਬਿੱਲ ਉਨ੍ਹਾਂ ਦੀ ਅਸਲ ਬਿਜਲੀ ਖ਼ਪਤ ਨਾਲੋਂ ਕਾਫ਼ੀ ਵੱਧ ਹਨ। ਬਿੱਲਾਂ ’ਚ ਸੋਧ ਕਰਵਾਉਣ ਲਈ ਜਦੋਂ ਉਹ ਦਫ਼ਤਰ ਪਹੁੰਚਦੇ ਹਨ ਤਾਂ ਸਟਾਫ਼ ਦੀ ਕਮੀ ਕਾਰਨ ਉਨ੍ਹਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਇਨ੍ਹਾਂ ਪਿੰਡਾਂ ਲਈ ਵੱਡਾ ਅਲਰਟ! ਬੰਨ੍ਹ ਟੁੱਟਣ ਨਾਲ ਵਿਗੜੇ ਹਾਲਾਤ, ਅਲਰਟ ਮੋਡ 'ਤੇ ਪ੍ਰਸ਼ਾਸਨ (ਵੀਡੀਓ)

ਦਫ਼ਤਰ ’ਚ ਰੋਜ਼ਾਨਾ ਭੀੜ ਨਾਲ ਮੁਲਾਜ਼ਮਾਂ ’ਤੇ ਕੰਮ ਦਾ ਦਬਾਅ ਵਧਿਆ

ਨਵੇਂ ਬਿਜਲੀ ਮੀਟਰ ਲੱਗਣ ਤੋਂ ਬਾਅਦ ਪੁਰਾਣੇ ਖ਼ਾਤਾ ਨੰਬਰ ਬਦਲ ਕੇ ਨਵੇਂ ਨੰਬਰ ਜਾਰੀ ਕੀਤੇ ਗਏ ਹਨ। ਨਾਲ ਹੀ ਬਿੱਲ ਆਨਲਾਈਨ ਜਾਰੀ ਕੀਤੇ ਜਾ ਰਹੇ ਹਨ। ਬਹੁਤ ਸਾਰੇ ਖ਼ਪਤਕਾਰਾਂ ਨੂੰ ਇਸ ਬਦਲਾਅ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਹ ਨਵੇਂ ਖ਼ਾਤਾ ਨੰਬਰ ਅਤੇ ਬਿੱਲਾਂ ਸਬੰਧੀ ਜਾਣਕਾਰੀ ਲੈਣ ਲਈ ਦਫ਼ਤਰ ਪਹੁੰਚ ਰਹੇ ਹਨ। ਇਸ ਕਾਰਨ ਦਫ਼ਤਰ ’ਚ ਹਰ ਰੋਜ਼ ਭਾਰੀ ਭੀੜ ਰਹਿੰਦੀ ਹੈ ਤੇ ਮੁਲਾਜ਼ਮਾਂ ’ਤੇ ਕੰਮ ਦਾ ਦਬਾਅ ਹੋਰ ਵੱਧ ਗਿਆ ਹੈ। ਖ਼ਪਤਕਾਰਾਂ ਦਾ ਕਹਿਣਾ ਹੈ ਕਿ ਇੱਕ ਛੋਟੇ ਜਿਹੇ ਕੰਮ ਲਈ ਵੀ ਉਨ੍ਹਾਂ ਨੂੰ ਕਈ-ਕਈ ਘੰਟੇ ਉਡੀਕ ਕਰਨੀ ਪੈਂਦੀ ਹੈ। ਕਈ ਵਾਰ ਪੂਰਾ ਦਿਨ ਲੰਘ ਜਾਣ ਦੇ ਬਾਵਜੂਦ ਕੰਮ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਮੁੜ ਦਫ਼ਤਰ ਆਉਣਾ ਪੈਂਦਾ ਹੈ। ਲੋਕਾਂ ਨੇ ਮੰਗ ਕੀਤੀ ਕਿ ਦਫ਼ਤਰ ’ਚ ਲੋੜ ਅਨੁਸਾਰ ਸਟਾਫ਼ ਤਾਇਨਾਤ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ : 10ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, PSEB ਨੇ ਜਾਰੀ ਕੀਤਾ ਦਾਖ਼ਲਿਆਂ ਦਾ ਸ਼ਡਿਊਲ

ਖ਼ਪਤਕਾਰਾਂ ਦੀ ਪਰੇਸ਼ਾਨੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ : ਐੱਸ. ਡੀ. ਓ.

ਪਾਵਰਕਾਮ ਜ਼ੀਰਕਪੁਰ ਦੇ ਐੱਸ. ਡੀ. ਓ. (ਕਮਰਸ਼ੀਅਲ) ਹੇਮੰਤ ਕੁਮਾਰ ਨੇ ਦੱਸਿਆ ਕਿ ਦਫ਼ਤਰ ਇਸ ਸਮੇਂ ਅਮਲੇ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ 40 ਮੁਲਾਜ਼ਮਾਂ ਦੀ ਮਨਜ਼ੂਰਸ਼ੁਦਾ ਨਫ਼ਰੀ ਦੇ ਮੁਕਾਬਲੇ ਸਿਰਫ਼ ਦੋ ਤੋਂ ਚਾਰ ਮੁਲਾਜ਼ਮ ਹੀ ਪੂਰਾ ਕੰਮ ਸੰਭਾਲ ਰਹੇ ਹਨ। ਉਨ੍ਹਾਂ ਦੱਸਿਆ ਕਿ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਵੀ ਕੰਮਕਾਜ ’ਤੇ ਕਾਫ਼ੀ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨਹੀਂ ਚਾਹੁੰਦਾ ਕਿ ਖ਼ਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋਵੇ ਤੇ ਉਹ ਖ਼ੁਦ ਰੋਜ਼ਾਨਾ ਵੱਡੀ ਗਿਣਤੀ ’ਚ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੇ ਸਮੇਂ ਦੌਰਾਨ ਵਿਭਾਗ ਨਾਲ ਸਹਿਯੋਗ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News