ਅੱਤ ਦੀ ਗਰਮੀ ਵਿਚਾਲੇ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ, CPDL ਦੀ ਖ਼ਪਤਕਾਰਾਂ ਨੂੰ ਵੱਡੀ ਅਪੀਲ

Wednesday, Jul 01, 2026 - 01:40 PM (IST)

ਅੱਤ ਦੀ ਗਰਮੀ ਵਿਚਾਲੇ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ, CPDL ਦੀ ਖ਼ਪਤਕਾਰਾਂ ਨੂੰ ਵੱਡੀ ਅਪੀਲ

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਸ਼ਹਿਰ 'ਚ ਅੱਜ ਸਵੇਰੇ ਹੋਈ ਬਾਰਸ਼ ਕਾਰਨ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ, ਹਾਲਾਂਕਿ ਪਿਛਲੇ ਦਿਨੀਂ ਪਈ ਅੱਤ ਦੀ ਗਰਮੀ ਨੇ ਬਿਜਲੀ ਦੀ ਮੰਗ ਨੂੰ ਨਵੇਂ ਰਿਕਾਰਡ ਪੱਧਰ ’ਤੇ ਪਹੁੰਚਾ ਦਿੱਤਾ ਹੈ। ਸ਼ਹਿਰ ’ਚ ਸੀਜ਼ਨ ਦੌਰਾਨ ਪਹਿਲੀ ਵਾਰ ਬਿਜਲੀ ਦੀ ਮੰਗ ਵੱਧ ਕੇ 461 ਮੈਗਾਵਾਟ ਤੱਕ ਪਹੁੰਚ ਗਈ, ਜੋ ਸਾਲ ਦਾ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਲਗਾਤਾਰ ਵੱਧਦੇ ਤਾਪਮਾਨ ਕਾਰਨ ਏ. ਸੀ. ਕੂਲਰ ਅਤੇ ਹੋਰ ਬਿਜਲੀ ਉਪਕਰਣਾਂ ਦੀ ਵਰਤੋਂ ’ਚ ਤੇਜ਼ੀ ਆਈ ਹੈ। ਇਸ ਕਾਰਨ ਪਾਵਰ ਲੋਡ ’ਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੀ. ਪੀ. ਡੀ. ਐੱਲ. ਅਧਿਕਾਰੀਆਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਗਰਮੀ ਦਾ ਸਿਲਸਿਲਾ ਜਾਰੀ ਰਿਹਾ ਤਾਂ ਮੰਗ ’ਚ ਹੋਰ ਵਾਧਾ ਹੋ ਸਕਦਾ ਹੈ।

ਲੋਕਾਂ ਨੂੰ ਕੀਤੀ ਸੰਜਮ ਨਾਲ ਬਿਜਲੀ ਵਰਤਣ ਦੀ ਅਪੀਲ

ਸੀ. ਪੀ. ਡੀ. ਐੱਲ. ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਰਮੀਆਂ ਦੌਰਾਨ ਬਿਜਲੀ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਊਰਜਾ-ਕੁਸ਼ਲ ਉਪਕਰਣਾਂ ਦੀ ਵਰਤੋਂ ਨੂੰ ਤਰਜ਼ੀਹ ਦੇਣ। ਵਿਭਾਗ ਨੇ ਕਿਹਾ ਕਿ ਬਿਜਲੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਨਾਲ ਨਾ ਸਿਰਫ਼ ਬਿਜਲੀ ਗਰਿੱਡ ’ਤੇ ਦਬਾਅ ਘਟੇਗਾ, ਸਗੋਂ ਸਾਰੇ ਸ਼ਹਿਰ ’ਚ ਨਿਰਵਿਘਨ ਸਪਲਾਈ ਬਣਾਈ ਰੱਖਣ ’ਚ ਵੀ ਮਦਦ ਮਿਲੇਗੀ।

ਸੀ. ਪੀ. ਡੀ. ਐੱਲ. ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕ ਪਰੇਸ਼ਾਨ

ਸੈਕਟਰ 43-ਏ ਦੇ ਵਸਨੀਕਾਂ ਨੇ ਸੀ. ਪੀ. ਡੀ. ਐੱਲ. ਅਧੀਨ ਬਿਜਲੀ ਸਪਲਾਈ ਤੇ ਖ਼ਪਤਕਾਰ ਸੇਵਾਵਾਂ ’ਚ ਲਗਾਤਾਰ ਆ ਰਹੀਆਂ ਖਾਮੀਆਂ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸ਼ਾਂਤੀਵਨ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਕਰਮ ਚੋਪੜਾ ਨੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਪ੍ਰਸ਼ਾਸਨ ਤੇ ਸਬੰਧਿਤ ਅਧਿਕਾਰੀਆਂ ਤੋਂ ਇਸ ਮਾਮਲੇ ’ਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਖ਼ਪਤਕਾਰਾਂ ਦਾ ਦੋਸ਼ ਹੈ ਕਿ ਬਿਜਲੀ ਦੇ ਵਾਰ-ਵਾਰ ਲੱਗਣ ਵਾਲੇ ਕੱਟਾਂ, ਤਕਨੀਕੀ ਅਮਲੇ ਦੀ ਘਾਟ ਤੇ ਬਿਲਿੰਗ ਪ੍ਰਣਾਲੀ ’ਚ ਕੀਤੇ ਬਦਲਾਅ ਕਾਰਨ ਆਮ ਲੋਕਾਂ ਨੂੰ ਭਾਰੀ ਮਾਨਸਿਕ ਤੇ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਸਾਇਟੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਲ ਹੀ ’ਚ ਮਕਾਨ 741 ਤੋਂ 748 ਤੱਕ ਸਵੇਰੇ 9:30 ਤੋਂ ਸ਼ਾਮ 4:15 ਵਜੇ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੀ। ਡਿਊਟੀ ’ਤੇ ਤਾਇਨਾਤ ਮੁਲਾਜ਼ਮ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਵੀ ਨੁਕਸ ਦਾ ਪਤਾ ਲਗਾਉਣ ਅਤੇ ਠੀਕ ਕਰਨ ’ਚ ਨਾਕਾਮ ਰਹੇ। ਦੁਪਹਿਰ ਲਗਭਗ 3 ਵਜੇ ਜਦੋਂ ਤਕਨੀਕੀ ਮਾਹਰ ਰਾਜਿੰਦਰ ਕੁਮਾਰ ਨੇ ਕੰਮਕਾਜ ਸੰਭਾਲਿਆ, ਤਾਂ ਜਾ ਕੇ ਖਰਾਬੀ ਲੱਭੀ ਗਈ ਅਤੇ ਬਿਜਲੀ ਸਪਲਾਈ ਬਹਾਲ ਹੋ ਸਕੀ।


author

Babita

Content Editor

Related News