ਐਕਸ਼ਨ 'ਚ ਅਮਿਤ ਸ਼ਾਹ, ਤਿਆਰ ਕੀਤੀ ਟਾਪ 10 ਅੱਤਵਾਦੀਆਂ ਦੀ ਸੂਚੀ

Tuesday, Jun 04, 2019 - 07:15 PM (IST)

ਐਕਸ਼ਨ 'ਚ ਅਮਿਤ ਸ਼ਾਹ, ਤਿਆਰ ਕੀਤੀ ਟਾਪ 10 ਅੱਤਵਾਦੀਆਂ ਦੀ ਸੂਚੀ

ਸ਼੍ਰੀਨਗਰ (ਮਜੀਦ)– ਅਮਿਤ ਸ਼ਾਹ ਦੇ ਕੇਂਦਰੀ ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲਦਿਆਂ ਹੀ ਇਕ ਵਾਰ ਮੁੜ ਜੰਮੂ-ਕਸ਼ਮੀਰ ਦੀ ਨੀਤੀ ਕੇਂਦਰ ਵਿਚ ਆ ਗਈ ਹੈ। ਸ਼ਾਹ ਨੇ ਬੀਤੇ ਦਿਨੀਂ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਅੱਤਵਾਦੀਆਂ ਬਾਰੇ ਨਵੀਂ ਰਣਨੀਤੀ ਤਿਆਰ ਕੀਤੀ। ਇਸ ਦੌਰਾਨ 10 ਅੱਤਵਾਦੀਆਂ ਦੀ ਲਿਸਟ ਤਿਆਰ ਕੀਤੀ ਗਈ ਹੈ ਜੋ ਹੁਣ ਸੁਰੱਖਿਆ ਏਜੰਸੀਆਂ ਦਾ ਸਭ ਤੋਂ ਅਹਿ ਨਿਸ਼ਾਨਾ ਹੋਣਗੇ। ਇਸ ਲਿਸਟ ਵਿਚ ਰਿਆਜ ਨਾਇਕੂ, ਓਸਾਮਾ ਅਤੇ ਅਸ਼ਰਫ ਮੌਲਵੀ ਵਰਗੇ ਅੱਤਵਾਦੀ ਸ਼ਾਮਲ ਹਨ।

ਵਾਦੀ ਵਿਚ ਬੀਤੇ ਕਈ ਦਿਨਾਂ ਤੋਂ ਅੱਤਵਾਦੀਆਂ ਵਿਰੁੱਧ ਜਾਰੀ ਆਪ੍ਰੇਸ਼ਨ ਦਰਮਿਆਨ ਸੁਰੱਖਿਆ ਏਜੰਸੀਆਂ ਨੇ ਵਾਦੀ ਦੇ ਮੋਸਟ ਵਾਂਟਡ ਅੱਤਵਾਦੀਆਂ ਦੀ ਇਕ ਨਵੀਂ ਸੂਚੀ ਤਿਆਰ ਕੀਤੀ ਹੈ। ਕਸ਼ਮੀਰ ਦੇ ਵੱਖ-ਵੱਖ ਜ਼ਿਲਿਆਂ ਵਿਚ ਕੰਮ ਕਰ ਰਹੇ ਇਨ੍ਹਾਂ ਅੱਤਵਾਦੀਆਂ ਦੀ ਸੂਚੀ ਵਿਚ ਹਿਜ਼ੁਬਲ ਮੁਜਾਹਿਦੀਨ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਅਲ ਬਦਰ ਦੇ ਕਈ ਮੋਸਟ ਵਾਂਟਡ ਅੱਤਵਾਦੀਆਂ ਦੇ ਨਾਂ ਸ਼ਾਮਲ ਹਨ। ਸੁਰੱਖਿਆ ਏਜੰਸੀਆਂ ਦੀ ਇਸ ਸੂਚੀ ਵਿਚ ਕੁਲ 10 ਖਤਰਨਾਕ ਅੱਤਵਾਦੀਆਂ ਦੇ ਨਾਂ ਹਨ।

1. ਰਿਆਜ ਨਾਇਕੂ ਉਰਫ ਮੁਹੰਮਦ ਬਿਨ ਕਾਸਿਮ

ਏ ਪਲੱਸ ਸ਼੍ਰੇਣੀ ਦਾ ਅੱਤਵਾਦੀ

ਪੁਲਵਾਮਾ ਦੇ ਬਾਂਦੀਪੋਰਾ ਦਾ ਰਹਿਣ ਵਾਲਾ ਹੈ।

2010 ਤੋਂ ਕਸ਼ਮੀਰ ਵਿਚ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੈ।

2. ਵਸੀਮ ਅਹਿਮਦ ਉਰਫ ਓਸਾਮਾ

ਇਹ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹੈ ਅਤੇ ਖੁਦ ਨੂੰ ਸ਼ੋਪੀਆਂ ਦਾ ਜ਼ਿਲਾ ਕਮਾਂਡਰ ਕਹਿੰਦਾ ਹੈ।

3. ਮੁਹੰਮਦ ਅਸ਼ਰਫ ਖਾਨ ਉਰਫ ਅਸ਼ਰਫ ਮੌਲਵੀ

ਟਾਪ 10 ਮੋਸਟ ਵਾਂਟਡ ਦੀ ਸੂਚੀ ਵਿਚ ਇਹ ਅੱਤਵਾਦੀ ਮੁਹੰਮਦ ਅਸ਼ਰਫ ਖਾਨ ਉਰਫ ਅਸ਼ਰਫ ਮੌਲਵੀ ਤੀਜੇ ਨੰਬਰ ’ਤੇ ਹੈ। ਇਹ ਹਿਜ਼ਬੁਲ ਮੁਜਾਹਿਦੀਨ ਨਾਲ ਜੁੜਿਆ ਹੋਇਆ ਹੈ ਅਤੇ ਅਨੰਤਨਾਗ ਜ਼ਿਲੇ ਵਿਚ ਸਰਗਰਮ ਹੈ।

4. ਮਹਿਰਾਜੂਦੀਨ

ਹਿਜ਼ਬੁਲ ਮੁਜਾਹਿਦੀਨ ਦੇ ਇਸ ਅੱਤਵਾਦੀ ਨੂੰ ਸੁਰੱਖਿਆ ਏਜੰਸੀਆਂ ਨੇ ਆਪਣੀ ਹਿੱਟ ਲਿਸਟ ਵਿਚ ਸ਼ਾਮਲ ਕੀਤਾ ਹੈ। ਇਹ ਅੱਤਵਾਦੀ ਬਾਰਾਮੂਲਾ ਵਿਚ ਹਿਜ਼ਬੁਲ ਮੁਜਾਹਿਦੀਨ ਦਾ ਜ਼ਿਲਾ ਕਮਾਂਡਰ ਹੈ।

5. ਡਾ. ਸੈਫੁੱਲਾ ਉਰਫ ਸੈਫੁੱਲਾ ਮੀਰ ਉਰਫ ਡਾ. ਸੈਫ

ਉਕਤ ਖਤਰਨਾਕ ਅੱਤਵਾਦੀ ਨੂੰ ਸੁਰੱਖਿਆ ਏਜੰਸੀਆਂ ਲੱਭ ਰਹੀਆਂ ਹਨ। ਸ਼੍ਰੀਨਗਰ ਵਿਖੇ ਹਿਜ਼ਬੁਲ ਮੁਜਾਹਿਦੀਨ ਦੇ ਕੇਡਰ ਨੂੰ ਵਧਾਉਣ ਵਿਚ ਇਹ ਅੱਤਵਾਦੀ ਮਦਦ ਕਰ ਰਿਹਾ ਹੈ।

6. ਅਰਸ਼ਦ ਉੱਲ ਹੱਕ

ਹਿਜ਼ਬੁਲ ਮੁਜਾਹਿਦੀਨ ਦਾ ਉਕਤ ਅੱਤਵਾਦੀ ਪੁਲਵਾਮਾ ਦਾ ਜ਼ਿਲਾ ਕਮਾਂਡਰ ਕਹਾਉਂਦਾ ਹੈ। ਏ ਪਲੱਸ ਕੈਟਾਗਰੀ ਦੇ ਉਕਤ ਅੱਤਵਾਦੀ ਨੂੰ ਸੁਰੱਖਿਆ ਫੋਰਸਾਂ ਨੇ ਹਿੱਟ ਲਿਸਟ ਵਿਚ ਸ਼ਾਮਲ ਕੀਤਾ ਹੈ। ਜਲਦੀ ਹੀ ਇਸ ਦਾ ਸਫਾਇਆ ਕਰ ਦਿੱਤਾ ਜਾਏਗਾ।

7. ਹਾਫਿਜ਼ ਉਮਰ

ਹਾਫਿਜ਼ ਉਮਰ ਨਾਮੀ ਉਕਤ ਅੱਤਵਾਦੀ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਹ ਕਸ਼ਮੀਰ ਵਿਚ ਬਾਲਾਕੋਟ ਦੇ ਸਿਖਲਾਈ ਕੈਂਪ ਤੋਂ ਸਿੱਖਲਾਈ ਲੈ ਕੇ ਭਾਰਤ ਵਿਚ ਦਾਖਲ ਹੋਇਆ ਸੀ। ਇਸ ਸਮੇਂ ਉਹ ਖੁਦ ਨੂੰ ਜੈਸ਼ ਦਾ ਚੀਫ ਆਪ੍ਰੇਸ਼ਨਲ ਕਮਾਂਡਰ ਕਹਾਉਂਦਾ ਹੈ।

8. ਜਾਹਿਦ ਸ਼ੇਖ ਉਰਫ ਉਮਰ ਅਫਗਾਨੀ

ਜੈਸ਼-ਏ-ਮੁਹੰਮਦ ਦਾ ਉਕਤ ਅੱਤਵਾਦੀ ਅਫਗਾਨਿਸਤਾਨ ਵਿਖੇ ਨਾਟੋ ਦੀਆਂ ਫੌਜਾਂ ਨਾਲ ਲੜਾਈ ਲੜ ਚੁੱਕਾ ਹੈ। ਉਸ ਨੇ ਤਾਲਿਬਾਨੀ ਅੱਤਵਾਦੀਆਂ ਕੋਲੋਂ ਸਿੱਖਲਾਈ ਲੈ ਕੇ ਕਸ਼ਮੀਰ ਵਿਚ ਘੁਸਪੈਠ ਕੀਤੀ ਸੀ। ਉਸ ਦੀ ਭਾਲ ਸੁਰੱਖਿਆ ਏਜੰਸੀਆਂ ਵੱਡੀ ਪੱਧਰ ’ਤੇ ਕਰ ਰਹੀਆਂ ਹਨ।

9. ਜਾਵੇਦ ਮੱਟੂ ਉਰਫ ਫੈਸਲ ਉਰਫ ਸਾਕਿਬ ਉਰਫ ਮੁਸੈਬ

ਅਲ ਬਦਰ ਦੇ ਉਕਤ ਅੱਤਵਾਦੀ ਨੂੰ ਸੁਰੱਖਿਆ ਫੋਰਸਾਂ ਨੇ ਆਪਣੀ ਹਿੱਟ ਲਿਸਟ ਵਿਚ ਸ਼ਾਮਲ ਕੀਤਾ ਹੈ। ਇਹ ਅੱਤਵਾਦੀ ਉੱਤਰੀ ਕਸ਼ਮੀਰ ਵਿਚ ਅਲ ਬਦਰ ਦਾ ਡਵੀਜ਼ਨਲ ਕਮਾਂਡਰ ਹੈ।

10. ਏਜਾਜ਼ ਅਹਿਮਦ ਮਲਿਕ

ਸੁਰੱਖਿਆ ਫੋਰਸਾਂ ਦੀ ਹਿੱਟ ਲਿਸਟ ਦੇ 10ਵੇਂ ਨੰਬਰ ’ਤੇ ਹਿਜ਼ਬੁਲ ਦਾ ਉਕਤ ਅੱਤਵਾਦੀ ਹੈ। ਉਸਨੂੰ ਕੁਝ ਸਮਾਂ ਪਹਿਲਾਂ ਹੀ ਕੁਪਵਾੜਾ ਵਿਖੇ ਹਿਜ਼ਬੁਲ ਮੁਜਾਹਿਦੀਨ ਦਾ ਜ਼ਿਲਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਇਸ ਸਾਲ ਹੁਣ ਤੱਕ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਵਾਦੀ ਵਿਚ 101 ਅੱਤਵਾਦੀ ਢੇਰ ਕੀਤੇ ਹਨ। ਇਨ੍ਹਾਂ ਵਿਚੋਂ 25 ਵਿਦੇਸ਼ੀ ਅਤੇ 76 ਕਸ਼ਮੀਰੀ ਅੱਤਵਾਦੀ ਹਨ। ਮਾਰੇ ਗਏ ਅੱਤਵਾਦੀ ਜੈਸ਼, ਹਿਜ਼ਬੁਲ, ਲਸ਼ਕਰ ਅਤੇ ਅਲ ਬਦਰ ਨਾਲ ਸਬੰਧਤ ਦੱਸੇ ਜਾਂਦੇ ਹਨ।

ਵਾਦੀ ’ਚ ਅਜੇ ਵੀ 286 ਅੱਤਵਾਦੀ ਸਰਗਰਮ
ਦੱਸਿਆ ਜਾਂਦਾ ਹੈ ਕਿ ਅਜੇ ਵੀ ਵਾਦੀ ਵਿਚ 286 ਅੱਤਵਾਦੀ ਸਰਗਰਮ ਹਨ। ਇਨ੍ਹਾਂ ਵਿਚੋਂ ਵਧੇਰੇ ਗਿਣਤੀ ਸਥਾਨਕ ਅੱਤਵਾਦੀਆਂ ਦੀ ਹੈ। ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ ਵਿਚ ਲਸ਼ਕਰ ਦੇ ਸਭ ਤੋਂ ਵੱਧ 80 ਵਿਦੇਸ਼ੀ ਭਾਵ ਪਾਕਿਸਤਾਨੀ ਅੱਤਵਾਦੀ ਸਰਗਰਮ ਹਨ। ਲਸ਼ਕਰ ਦੇ 51 ਸਥਾਨਕ ਅੱਤਵਾਦੀ ਇਸ ਸਮੇਂ ਵੱਖ-ਵੱਖ ਥਾਵਾਂ ’ਤੇ ਸਰਗਰਮ ਹਨ। ਜੈਸ਼ ਦੇ 21 ਪਾਕਿਸਤਾਨੀ ਅੱਤਵਾਦੀ ਕਸ਼ਮੀਰ ਵਿਚ ਆਪਣੀਆਂ ਸਰਗਮੀਆਂ ਨੂੰ ਅੰਜਾਮ ਦੇ ਰਹੇ ਹਨ। 13 ਸਥਾਨਕ ਅੱਤਵਾਦੀ ਸੁਰੱਖਿਆ ਫੋਰਸਾਂ ਲਈ ਖਤਰਾ ਬਣੇ ਹੋਏ ਹਨ।


author

Inder Prajapati

Content Editor

Related News