ਪੂਰਬੀ ਲੱਦਾਖ ’ਚ ਤੁਰੰਤ ਪ੍ਰਤੀਕਿਰਿਆ ਸਮਰੱਥਾ ਦੀ ਸਮੀਖਿਆ ਲਈ ਫੌਜ ਨੇ ਕੀਤਾ ਹਵਾਈ ਅਭਿਆਸ

Tuesday, Nov 02, 2021 - 02:55 AM (IST)

ਨਵੀਂ ਦਿੱਲੀ - ਭਾਰਤੀ ਫੌਜ ਦੀ ਸ਼ਤਰੂਜੀਤ ਬ੍ਰਿਗੇਡ ਆਪਣੀ ਤੁਰੰਤ ਪ੍ਰਤੀਕਿਰਿਆ ਸਮਰੱਥਾ ਦੀ ਸਮੀਖਿਆ ਲਈ ਪੂਰਬੀ ਲੱਦਾਖ ਦੀਆਂ ਉੱਤਰੀ ਸਰਹੱਦਾਂ ’ਤੇ ਹਵਾਈ ਅਭਿਆਸ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਸ਼ਤਰੂਜੀਤ ਬ੍ਰਿਗੇਡ ਦੇ ਹਵਾਈ ਫੌਜੀਆਂ ਨੂੰ ਅਭਿਆਸ ਦੇ ਤਹਿਤ 14,000 ਫੁੱਟ ਤੋਂ ਜ਼ਿਆਦਾ ਦੀ ਉਚਾਈ ਵਾਲੇ ਖੇਤਰ ’ਚ ਪਹੁੰਚਾਇਆ ਗਿਆ।

ਵਿਸ਼ੇਸ਼ ਵਾਹਨਾਂ ਅਤੇ ਉਪਕਰਣਾਂ ਦੇ ਨਾਲ ਹੀ ਵਿਸ਼ੇਸ਼ ਰੂਪ ਨਾਲ ਸਿਖਲਾਈ ਪ੍ਰਾਪਤ ਇਨ੍ਹਾਂ ਫੌਜੀਆਂ ਨੂੰ ਸੀ-130 ਅਤੇ ਏ. ਐੱਨ.-32 ਜਹਾਜ਼ਾਂ ਰਾਹੀਂ ਪੰਜ ਵੱਖ-ਵੱਖ ਬੇਸ ਤੋਂ ਤੁਰੰਤ ਰਫ਼ਤਾਰ ਨਾਲ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਿਫ਼ਰ ਤੋਂ 20 ਡਿਗਰੀ ਸੈਲਸੀਅਸ ਹੇਠਾਂ ਤੱਕ ਦੇ ਤਾਪਮਾਨ ਅਤੇ ਬਹੁਤ ਜ਼ਿਆਦਾ ਉਚਾਈ ਵਾਲੇ ਦੂਰਾਡੇ ਦੇ ਖੇਤਰ ’ਚ ਫੌਜੀਆਂ ਨੂੰ ਪੰਹੁਚਾਉਣਾ ਵਿਸ਼ੇਸ਼ ਰੂਪ ’ਚ ਚੁਣੌਤੀ ਭਰਪੂਰ ਸੀ।

ਫੌਜੀ ਅਤੇ ਡਿਪਲੋਮੈਟਿਕ ਗੱਲਬਾਤ ਦੀ ਇਕ ਲੜੀ ਤੋਂ ਬਾਅਦ ਭਾਰਤ ਅਤੇ ਚੀਨ ਨੇ ਅਗਸਤ ’ਚ ਗੋਗਰਾ ਖੇਤਰ ਤੋਂ ਅਤੇ ਫਰਵਰੀ ’ਚ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਡੇ ਤੋਂ ਫੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕੀਤੀ ਸੀ। ਸੰਵੇਦਨਸ਼ੀਲ ਖੇਤਰ ’ਚ ਅਸਲ ਕੰਟਰੋਲ ਰੇਖਾ ’ਤੇ ਅਜੇ ਦੋਵਾਂ ਦੇਸ਼ਾਂ ਦੇ ਲਗਭਗ 50,000 ਤੋਂ 60,000 ਫੌਜੀ ਤਾਨਾਤ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News