ਆਰਮੀ ਚੀਫ਼ ਜਨਰਲ ਨਰਵਾਣੇ ਬਣੇ ‘ਚੀਫ਼ ਆਫ਼ ਸਟਾਫ਼ ਕਮੇਟੀ’ ਦੇ ਪ੍ਰਧਾਨ
Thursday, Dec 16, 2021 - 10:31 AM (IST)
ਨਵੀਂ ਦਿੱਲੀ— ਆਰਮੀ ਚੀਫ਼ ਜਨਰਲ (ਐੱਮ. ਐੱਮ.) ਨਰਵਾਣੇ ਨੇ ‘ਚੀਫ਼ ਆਫ਼ ਸਟਾਫ਼ ਕਮੇਟੀ’ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ, ਜਿਸ ’ਚ ਤਿੰਨੋਂ ਸੈਨਾਵਾਂ ਦੇ ਮੁਖੀ ਸ਼ਾਮਲ ਹੁੰਦੇ ਹਨ। ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਹਾਦਸੇ ’ਚ 8 ਦਸੰਬਰ ਨੂੰ ਚੀਫ ਆਫ਼ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਦੇ ਦਿਹਾਂਤ ਤੋਂ ਬਾਅਦ ਇਹ ਅਹੁਦਾ ਖਾਲੀ ਸੀ।
ਸੂਤਰਾਂ ਨੇ ਦੱਸਿਆ ਕਿ ਤਿੰਨੋਂ ਸੈਨਾਵਾਂ ਦੇ ਮੁਖੀਆਂ ’ਚੋਂ ਜਨਰਲ ਨਰਵਾਣੇ ਦੇ ਸਭ ਤੋਂ ਸੀਨੀਅਰ ਹੋਣ ਦੇ ਚੱਲਦੇ ਉਨ੍ਹਾਂ ਨੂੰ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੌਂਪਿਆ ਗਿਆ ਹੈ। ਸੀ. ਡੀ. ਐੱਸ. ਅਹੁਦੇ ਦੇ ਗਠਨ ਤੋਂ ਪਹਿਲਾਂ ਆਮ ਤੌਰ ’ਤੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਵਿਚੋਂ ਸਭ ਤੋਂ ਸੀਨੀਅਰ ਨੂੰ ‘ਚੀਫ਼ ਆਫ ਸਟਾਫ਼ ਕਮੇਟੀ’ ਦੇ ਪ੍ਰਧਾਨ ਦਾ ਅਹੁਦਾ ਸੌਂਪਿਆ ਜਾਂਦਾ ਸੀ। ਹਾਲਾਂਕਿ ਇਸ ਦੇ ਚੇਅਰਮੈਨ ਕੋਲ ਕੋਈ ਖ਼ਾਸ ਸ਼ਕਤੀ ਨਹੀਂ ਹੁੰਦੀ। ਬਸ ਉਹ ਤਿੰਨੋਂ ਸੈਨਾਵਾਂ ਵਿਚਾਲੇ ਤਾਲਮੇਲ ਕਾਇਮ ਕਰਦਾ ਹੈ। ਦੱਸ ਦੇਈਏ ਕਿ ਜਨਰਲ ਰਾਵਤ ਦੇ ਦਿਹਾਂਤ ਤੋਂ ਬਾਅਦ ਜਨਰਲ ਨਰਵਾਣੇ ਸਭ ਤੋਂ ਸੀਨੀਅਰ ਹਨ। ਉਨ੍ਹਾਂ ਦਾ ਪੂਰਾ ਨਾਂ ਜਨਰਲ ਮਨੋਜ ਮੁਕੁੰਦ ਨਰਵਾਣੇ ਹੈ।