ਹਥਿਆਰਬੰਦ ਬਦਮਾਸ਼ਾਂ ਨੇ ਮਾਂ-ਧੀ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ

8/2/2020 4:37:23 PM

ਬੁਰਹਾਨਪੁਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਵਿਚ 40 ਸਾਲਾ ਇਕ ਜਨਾਨੀ ਅਤੇ ਉਸ ਦੀ 12 ਸਾਲਾ ਧੀ ਦਾ ਹਥਿਆਰੰਬਦ 6 ਬਦਮਾਸ਼ਾਂ ਨੇ ਅਗਵਾ ਕਰ ਕੇ ਦੋਹਾਂ ਨਾਲ ਸਮੂਹਕ ਜਬਰ-ਜ਼ਿਨਾਹ ਕੀਤਾ। ਇਹ ਘਟਨਾ ਬੁਰਹਾਨਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 21 ਕਿਲੋਮੀਟਰ ਦੂਰ ਸ਼ਾਹਪੁਰ ਥਾਣੇ ਅਧੀਨ ਗ੍ਰਾਮ ਬੋਦਰਲੀ ਨੇੜੇ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। 

ਖਰਗੋਨ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਤਿਲਕ ਸਿੰਘ ਨੇ ਦੱਸਿਆ ਕਿ ਜੰਗਲ ਨਾਲ ਲੱਗਦੇ ਇਕਾਂਤ ਵਿਚ ਸਥਿਤੀ ਗਿੱਟੀ ਦੇ ਕ੍ਰੇਸ਼ਰ ਪਲਾਂਟ 'ਤੇ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਆਏ ਹਥਿਆਰਬੰਦ 6 ਬਦਮਾਸ਼ ਪਰਿਵਾਰ ਦੇ ਮੁਖੀਆ ਨੂੰ ਬੰਧਕ ਬਣਾ ਕੇ ਉਸ ਦੀ 40 ਸਾਲਾ ਪਤਨੀ ਅਤੇ 12 ਸਾਲਾ ਧੀ ਨੂੰ ਨੇੜੇ ਦੇ ਕੇਲਿਆਂ ਦੇ ਖੇਤ 'ਚ ਲੈ ਗਏ। ਉੱਥੇ ਹਥਿਆਰੰਬਦ ਬਦਮਾਸ਼ਾਂ ਨੇ ਮਾਂ-ਧੀ ਨਾਲ ਸਮੂਹਕ ਜਬਰ-ਜ਼ਿਨਾਹ ਕੀਤਾ। ਉਨ੍ਹਾਂ ਨੇ ਕਿਹਾ ਕਿ ਬਦਮਾਸ਼ ਪਰਿਵਾਰ ਕੋਲੋਂ ਨਕਦੀ ਰਾਸ਼ੀ ਅਤੇ ਮੋਬਾਇਲ ਵੀ ਲੁੱਟ ਕੇ ਲੈ ਗਏ ਹਨ। 

ਸਿੰਘ ਨੇ ਦੱਸਿਆ ਕਿ ਘਟਨਾ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਦਲ ਗਠਿਤ ਕੀਤੇ ਗਏ ਹਨ। ਇਨ੍ਹਾਂ ਦਲਾਂ ਨੂੰ ਘਟਨਾ ਵਾਲੀ ਥਾਂ ਨਾਲ ਲੱਗਦੇ ਮਹਾਰਾਸ਼ਟਰ ਦੇ ਬੁਲਢਾਣਾ ਅਤੇ ਜਲਗਾਂਵ ਜ਼ਿਲ੍ਹੇ ਦੀਆਂ ਕਈ ਥਾਵਾਂ 'ਤੇ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਦਮਾਸ਼ਾਂ ਦੇ ਮਹਾਰਾਸ਼ਟਰ ਵੱਲ ਦੌੜਨ ਦਾ ਖਦਸ਼ਾ ਹੈ। ਪੁਲਸ ਨੇ ਦੱਸਿਆ ਕਿ ਪੀੜਤ ਪਰਿਵਾਰ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਲੰਬੇ ਸਮੇਂ ਤੋਂ ਇੱਥੇ ਰਹਿ ਰਿਹਾ ਹੈ। ਪੁਲਸ ਨੇ ਇਸ ਘਟਨਾ ਦੇ ਸੰੰਬੰਧ ਵਿਚ 6 ਅਗਿਆਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।


Tanu

Content Editor Tanu