Apple ਦਾ ਵੱਡਾ ਧਮਾਕਾ: Nvidia ਨੂੰ ਪਛਾੜ ਕੇ ਮੁੜ ਬਣੀ ਦੁਨੀਆ ਦੀ ਸਭ ਤੋਂ Valuableਕੰਪਨੀ
Friday, Jul 17, 2026 - 09:00 PM (IST)
ਨਵੀਂ ਦਿੱਲੀ, (ਇੰਟ.)- ਐਪਲ ਨੇ ਐੱਨਵੀਡੀਆ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਮੁੱਲਵਾਨ ਕੰਪਨੀ ਦਾ ਦਰਜਾ ਹਾਸਲ ਕੀਤਾ ਅਤੇ ਚਿਪ ਬਣਾਉਣ ਵਾਲੀ ਇਸ ਕੰਪਨੀ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਦਬਦਬੇ ਨੂੰ ਖਤਮ ਕਰ ਦਿੱਤਾ। ਸ਼ੁੱਕਰਵਾਰ ਨੂੰ ਐਪਲ ਨੇ ਮਾਰਕੀਟ ਵੈਲਿਊ ਦੇ ਮਾਮਲੇ ’ਚ ਐੱਨਵੀਡੀਆ ਨੂੰ ਪਿੱਛੇ ਛੱਡ ਦਿੱਤਾ ਅਤੇ ਦੁਨੀਆ ਦੀ ਸਭ ਤੋਂ ਮੁੱਲਵਾਨ ਕੰਪਨੀ ਦਾ ਆਪਣਾ ਸਥਾਨ ਫਿਰ ਤੋਂ ਹਾਸਲ ਕਰ ਲਿਆ। ਸਵੇਰ ਦੇ ਕਾਰੋਬਾਰ ’ਚ ਐੱਨਵੀਡੀਆ ਦੇ ਸ਼ੇਅਰਾਂ ’ਚ 3 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਅਤੇ ਉਸ ਦੀ ਮਾਰਕੀਟ ਵੈਲਿਊ ਘਟ ਕੇ 4.84 ਟ੍ਰਿਲੀਅਨ ਡਾਲਰ ਹੋ ਗਈ। ਉੱਥੇ ਹੀ, ਐਪਲ ਦੀ ਮਾਰਕੀਟ ਵੈਲਿਊ 4.88 ਟ੍ਰਿਲੀਅਨ ਡਾਲਰ ਰਹੀ।
2026 ’ਚ ਦੋਵਾਂ ਕੰਪਨੀਆਂ ਦਾ ਪ੍ਰਦਰਸ਼ਨ ਕਾਫੀ ਵੱਖਰਾ ਰਿਹਾ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਦੇ ਸ਼ੇਅਰਾਂ ’ਚ ਇਸ ਸਾਲ 22 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਐੱਨਵੀਡੀਆ ਦੇ ਸ਼ੇਅਰਾਂ ’ਚ ਲੱਗਭਗ 7 ਫੀਸਦੀ ਦਾ ਵਾਧਾ ਹੋਇਆ ਹੈ। ਏ. ਆਈ. ਚਿਪ ਬਣਾਉਣ ਵਾਲੀ ਇਹ ਪ੍ਰਮੁੱਖ ਕੰਪਨੀ, ਜਿਸ ਦੇ ਸ਼ੇਅਰਾਂ ’ਚ ਚੈਟ ਜੀ. ਪੀ. ਟੀ. ਦੀ ਲਾਂਚਿੰਗ ਤੋਂ ਬਾਅਦ ਤੇਜ਼ੀ ਆਈ ਸੀ, 2026 ’ਚ ਜ਼ਿਆਦਾਤਰ ਸੁਸਤ ਰਹੀ ਹੈ, ਕਿਉਂਕਿ ਵਾਲ ਸਟ੍ਰੀਟ ਦਾ ਧਿਆਨ ਹੁਣ ਡਾਟਾ ਸੈਂਟਰ ਬਣਾਉਣ ਦੇ ਕੰਮ ’ਚ ਮੈਮੋਰੀ ਚਿਪ ਅਤੇ ਬੁਨਿਆਦੀ ਢਾਂਚੇ ਵਾਲੇ ਪੜਾਅ ’ਤੇ ਕੇਂਦ੍ਰਿਤ ਹੋ ਗਿਆ ਹੈ। ਇਸ ਨਾਲ ਮਾਈਕ੍ਰੋਨ ਟੈਕਨਾਲੋਜੀ ਅਤੇ ਸੈਂਡਿਸਕ ਵਰਗੀਆਂ ਚਿਪ ਬਣਾਉਣ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਫਾਇਦਾ ਹੋਇਆ ਹੈ। ਐੱਨਵੀਡੀਆ ਜੂਨ 2025 ਤੋਂ ਦੁਨੀਆ ਦੀ ਸਭ ਤੋਂ ਮੁੱਲਵਾਨ ਕੰਪਨੀ ਬਣੀ ਹੋਈ ਸੀ, ਜਦੋਂ ਉਸ ਨੇ ਮਾਈਕ੍ਰੋਸਾਫਟ ਨੂੰ ਪਛਾੜਿਆ ਸੀ।
