ਕੇਜਰੀਵਾਲ ’ਤੇ ਅਨੁਰਾਗ ਠਾਕੁਰ ਨੇ ਕੱਸਿਆ ਤੰਜ਼, ਕਿਹਾ- ਅਫ਼ਵਾਹ ਫੈਲਾਉਣਾ ਉਨ੍ਹਾਂ ਦੀ ਆਦਤ

Saturday, Aug 13, 2022 - 11:56 AM (IST)

ਨਵੀਂ ਦਿੱਲੀ (ਵਿਸ਼ੇਸ਼)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣੇ ਜਿਹੇ ਹੀ ਕੇਂਦਰ ਦੀ ਵਿੱਤੀ ਸਥਿਤੀ ’ਤੇ ਸਵਾਲ ਉਠਾਏ ਸਨ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਕੇਜਰੀਵਾਲ ਸਿਆਸਤ ’ਚ ਝੂਠ ਬੋਲ ਕੇ ਆਏ ਹਨ। ਉਨ੍ਹਾਂ ਪਹਿਲਾਂ ਬੱਚਿਆਂ ਦੀ ਝੂਠੀ ਸਹੁੰ ਖਾਧੀ, ਫਿਰ ਕਿਹਾ ਕਿ ਮੈਂ ਕਦੇ ਵੀ ਸਿਆਸਤ ਵਿਚ ਨਹੀਂ ਆਵਾਂਗਾ। ਇਸ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਚੋਣ ਲੜੀ ਪਰ ਅੱਜ ਭ੍ਰਿਸ਼ਟ ਸਰਕਾਰ ਚਲਾ ਰਹੇ ਹਨ। ਠਾਕੁਰ ਨੇ ਦੋਸ਼ ਲਾਇਆ ਕਿ ਕੇਜਰੀਵਾਲ ਮੁੱਖ ਮੰਤਰੀ ਨਹੀਂ ਹਨ। ਇਹ ਝੂਠੇ ਮੰਤਰੀ ਹਨ। ਉਹ ਸਮੇਂ-ਸਮੇਂ ’ਤੇ ਝੂਠ ਬੋਲਦੇ ਰਹਿੰਦੇ ਹਨ। 

ਆਮ ਆਦਮੀ ਪਾਰਟੀ ’ਤੇ ਚੁਟਕੀ ਲੈਂਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਜਿਸ ਦਿੱਲੀ ਦਾ ਸਿਹਤ ਮੰਤਰੀ ਜੇਲ ’ਚ ਹੋਵੇ, ਉਸ ਦਿੱਲੀ ਦੀਆਂ ਸਿਹਤ ਸਹੂਲਤਾਂ ਦਾ ਕੀ ਹਾਲ ਹੋਵੇਗਾ? ਮੁਹੱਲਾ ਕਲੀਨਿਕਾਂ ਦੀ ਹਾਲਤ ਪੂਰੀ ਦੁਨੀਆ ਜਾਣਦੀ ਹੈ। ਝੂਠੇ ਵਾਅਦੇ ਕਰਨਾ ਉਨ੍ਹਾਂ ਦੀ ਆਦਤ ਬਣ ਗਈ ਹੈ। ਕੋਵਿਡ ਦੌਰ ਦੀਆਂ ਗੱਲਾਂ ਨੂੰ ਯਾਦ ਕਰਵਾਉਂਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਵਿਸ਼ਵ ਪੱਧਰੀ ਮਹਾਮਾਰੀ ਨਾਲ ਜੂਝ ਰਿਹਾ ਸੀ ਤਾਂ ਕੇਜਰੀਵਾਲ ਨੇ ਗਰੀਬਾਂ ਨੂੰ ਕਿਹਾ ਸੀ ਕਿ ਅਸੀਂ ਉਨ੍ਹਾਂ ਦਾ ਕਿਰਾਇਆ ਅਦਾ ਕਰਾਂਗੇ, ਅਨਾਜ ਮੁਫਤ ਦੇਣਗੇ ਪਰ ਕੇਜਰੀਵਾਲ ਜੀ ਨੇ ਗਰੀਬਾਂ ਨੂੰ ਦਿੱਲੀ ਤੋਂ ਭਜਾਉਣ ਦਾ ਕੰਮ ਕੀਤਾ। ਉਸ ਸਮੇਂ ਵੀ ਨਰਿੰਦਰ ਮੋਦੀ ਜੀ ਨੇ 80 ਕਰੋੜ ਗਰੀਬਾਂ ਨੂੰ 28 ਮਹੀਨਿਆਂ ਲਈ ਮੁਫਤ ਰਾਸ਼ਨ ਦੇਣ ਦਾ ਕੰਮ ਕੀਤਾ ਸੀ।


ਆਮ ਆਦਮੀ ਪਾਰਟੀ ਦੇ ਸਾਰੇ ਦੋਸ਼ਾਂ ਨੂੰ ਤੱਥਹੀਣ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਠਾਕੁਰ ਨੇ ਕਿਹਾ ਕਿ ਜਦੋਂ ਵੀ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰਦੇ ਹਨ, ਉਹ ਝੂਠੀਆਂ ਅਤੇ ਸਨਸਨੀਖੇਜ਼ ਅਫਵਾਹਾਂ ਫੈਲਾਉਂਦੇ ਹਨ ਪਰ ਲੋਕ ਹੁਣ ਉਨ੍ਹਾਂ ’ਤੇ ਭਰੋਸਾ ਨਹੀਂ ਕਰਦੇ। ਮੋਦੀ ਸਰਕਾਰ ਨੇ ਆਫ਼ਤ ਵੇਲੇ ਵੀ ਮਨਰੇਗਾ ਦਾ ਬਜਟ 61,500 ਕਰੋੜ ਰੁਪਏ ਤੋਂ ਵਧਾ ਕੇ 1,11,500 ਕਰੋੜ ਰੁਪਏ ਕਰ ਦਿੱਤਾ। ਅਸੀਂ ਕਦੇ ਘਟਾਇਆ ਨਹੀਂ ਸਗੋਂ ਵਧਾਇਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਰਿਓੜੀ ਕਲਚਰ ਦੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦੇਸ਼ ’ਚ ਮੁਫ਼ਤ ਯੋਜਨਾਵਾਂ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਇਸ ਮੁੱਦੇ ’ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਇਕ-ਦੂਜੇ ’ਤੇ ਦੋਸ਼ ਲੱਗਾ ਰਹੇ ਹਨ। ਭਾਜਪਾ ਦੇ ਸੀਨੀਅਰ ਨੇਤਾ ਠਾਕੁਰ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੂੰ ਬਿਨਾਂ ਤੱਥਾਂ ਅਤੇ ਅੰਕੜਿਆਂ ਦੇ ਆਧਾਰ ’ਤੇ ਦੂਜਿਆਂ ’ਤੇ ਚਿੱਕੜ ਉਛਾਲਦੇ ਦੀ ਆਦਤ ਹੈ।


Tanu

Content Editor

Related News