ਜੰਮੂ-ਕਸ਼ਮੀਰ ’ਚ ਕਈ ਥਾਵਾਂ ’ਤੇ ਛਾਪੇਮਾਰੀ, ਇਤਰਾਜ਼ਯੋਗ ਦਸਤਾਵੇਜ਼ ਬਰਾਮਦ

Friday, May 30, 2025 - 10:29 PM (IST)

ਜੰਮੂ-ਕਸ਼ਮੀਰ ’ਚ ਕਈ ਥਾਵਾਂ ’ਤੇ ਛਾਪੇਮਾਰੀ, ਇਤਰਾਜ਼ਯੋਗ ਦਸਤਾਵੇਜ਼ ਬਰਾਮਦ

ਸ਼੍ਰੀਨਗਰ, (ਯੂ. ਐੱਨ. ਆਈ.)- ਜੰਮੂ-ਕਸ਼ਮੀਰ ਵਿਚ ਅੱਤਵਾਦ ਵਿਰੋਧੀ ਦਸਤੇ ‘ਕਾਊਂਟਰ-ਇੰਟੈਲੀਜੈਂਸ ਕਸ਼ਮੀਰ’ (ਸੀ. ਆਈ. ਕੇ.) ਦੀ ਟੀਮ ਨੇ ਸ਼ੁੱਕਰਵਾਰ ਨੂੰ ਸੂਬੇ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ। ਅੱਤਵਾਦ ਨਾਲ ਸਬੰਧਤ ਮਾਮਲੇ ਵਿਚ ਐੱਨ. ਆਈ. ਏ. ਐਕਟ ਅਧੀਨ ਨਾਮਜ਼ਦ ਵਿਸ਼ੇਸ਼ ਜੱਜ ਦੀ ਅਦਾਲਤ ਤੋਂ ਸਰਚ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਬੜਗਾਮ, ਪੁਲਵਾਮਾ, ਕੁਪਵਾੜਾ, ਸ਼ੋਪੀਆਂ ਅਤੇ ਸ਼੍ਰੀਨਗਰ ਜ਼ਿਲਿਆਂ ਵਿਚ ਵੱਖ-ਵੱਖ ਥਾਵਾਂ ’ਤੇ ਮਾਰੇ ਗਏ ਛਾਪਿਆਂ ਦੌਰਾਨ ਟੀਮ ਨੂੰ ਅੱਤਵਾਦੀਆਂ ਦੀ ਮੌਜੂਦਗੀ ਸਬੰਧੀ ਕਈ ਸੁਰਾਗ ਮਿਲੇ।

ਇਸ ਦੌਰਾਨ ਕੁਝ ਸ਼ੱਕੀਆਂ ਨੂੰ ਸ਼ੱਕੀ ‘ਵਿਸ਼ੇਸ਼ ਇਨਕ੍ਰਿਪਟਿਡ ਮੈਸੇਜਿੰਗ ਐਪਲੀਕੇਸ਼ਨ’ ਦੀ ਵਰਤੋਂ ਕਰਦੇ ਹੋਏ ਪਾਇਆ ਗਿਆ। ਜਿਸਦੀ ਵਰਤੋਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਹੈਂਡਲਰਾਂ ਵੱਲੋਂ ਅੱਤਵਾਦੀ ਰੈਂਕਾਂ ਵਿਚ ਭਰਤੀ ਸਮੇਤ ਵੱਖ-ਵੱਖ ਕਿਸਮਾਂ ਦੀਆਂ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਦਾ ਤਾਲਮੇਲ ਕਰਨ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਲਈ ਕੀਤਾ ਜਾਂਦਾ ਹੈ। ਛਾਪੇਮਾਰੀ ਦੌਰਾਨ ਸਿਮ ਕਾਰਡ, ਮੋਬਾਈਲ ਫੋਨ, ਟੈਬਲੇਟ ਅਤੇ ਹੋਰ ਡਿਜੀਟਲ ਡਿਵਾਈਸਾਂ ਦੇ ਰੂਪ ਵਿਚ ਅਪਰਾਧਿਕ ਸਮੱਗਰੀ ਬਰਾਮਦ ਕੀਤੀ ਗਈ ਅਤੇ ਜ਼ਬਤ ਕੀਤੀ ਗਈ।


author

Rakesh

Content Editor

Related News