J&K ਨੂੰ ਵਿਕਾਸ ਦੀ ਵੱਡੀ ਸੌਗਾਤ; ਸ਼ਿਵਰਾਜ ਚੌਹਾਨ ਨੇ 3,566 ਕਰੋੜ ਰੁਪਏ ਦੇ ਸੜਕ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ
Tuesday, Apr 28, 2026 - 04:05 PM (IST)
ਸ਼੍ਰੀਨਗਰ- ਕੇਂਦਰੀ ਪੇਂਡੂ ਵਿਕਾਸ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਅਧੀਨ 3566 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਮਨਜ਼ੂਰੀ ਪੱਤਰ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਸੌਂਪਿਆ। ਕੇਂਦਰੀ ਮੰਤਰੀ ਨੇ ਇਸ ਮੌਕੇ 'ਦੀਨਦਿਆਲ ਅੰਤਯੋਦਿਆ ਯੋਜਨਾ (ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ) ਤਹਿਤ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਮਹਿਲਾ ਸਵੈ-ਸਹਾਇਤਾ ਸਮੂਹਾਂ ਲਈ ਕੁੱਲ 4,568.23 ਕਰੋੜ ਰੁਪਏ ਤੋਂ ਵੱਧ ਦੇ ਫੰਡ ਵੀ ਜਾਰੀ ਕੀਤੇ। ਇਸ ਸਮਾਗਮ 'ਚ ਮੁੱਖ ਮੰਤਰੀ ਉਮਰ ਅਬਦੁੱਲਾ, ਉਪ ਮੁੱਖ ਮੰਤਰੀ ਸੁਰਿੰਦਰ ਕੁਮਾਰ ਚੌਧਰੀ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਸੀਨੀਅਰ ਵਿਅਕਤੀ ਮੌਜੂਦ ਸਨ।
ਸ਼ਿਵਰਾਜ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਸਿਰਫ਼ ਸੜਕਾਂ ਬਣਾਉਣ ਲਈ ਨਹੀਂ ਸਗੋਂ ਦਿਲ ਨੂੰ ਦਿਲ ਨਾਲ ਜੋੜਨ ਦੇ ਸੰਕਲਪ ਨਾਲ ਆਈ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਵਿਕਾਸ ਲਈ 'ਦਿਲ ਦੇ ਦੁਆਰ ਵੀ ਖੁੱਲ੍ਹੇ ਹਨ ਅਤੇ ਦਿੱਲੀ ਦੇ ਦੁਆਰ ਵੀ।'' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਦੋਵੇਂ ਪੜਾਵਾਂ 'ਚ ਜੰਮੂ ਕਸ਼ਮੀਰ ਨੂੰ ਪਹਿਲ ਦਿੱਤੀ ਗਈ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਕੇਂਦਰ ਸਰਕਾਰ ਇਸ ਇਲਾਕੇ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਕ ਹੀ ਸਾਲ 'ਚ ਸੂਬੇ ਲਈ ਲਗਭਗ 8,000 ਕਰੋੜ ਰੁਪਏ ਦੀਆਂ ਸੜਕਾਂ ਦੀ ਮਨਜ਼ੂਰੀ ਇਕ ਇਤਿਹਾਸਕ ਉਪਲੱਬਧੀ ਹੈ। ਇਸ ਦੀ ਮਦਦ ਨਾਲ ਹਰ ਪਿੰਡ ਅਤੇ ਦੂਰ-ਦੁਰਾਡੇ ਦੀ ਆਬਾਦੀ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ।
ਚੌਹਾਨ ਨੇ ਮਹਿਲਾ ਸਸ਼ਕਤੀਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹੁਣ ਟੀਚਾ ਸਿਰਫ਼ 'ਲੱਖਪਤੀ ਦੀਦੀ' ਬਣਾਉਣਾ ਨਹੀਂ ਸਗੋਂ ਉਨ੍ਹਾਂ ਨੂੰ ਸਸ਼ਕਤ ਉੱਦਮੀ ਬਣਾਉਣਾ ਹੈ। ਖੇਤੀਬਾੜੀ ਦੇ ਮੁੱਦੇ 'ਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਵਿਗਿਆਨੀਆਂ ਦੀ ਇਕ ਟੀਮ ਜਲਦ ਹੀ ਜੰਮੂ ਕਸ਼ਮੀਰ ਆਏਗੀ, ਜੋ ਇੱਥੇ ਦੀ ਜਲਵਾਯੂ ਅਤੇ ਮਿੱਟੀ ਦਾ ਅਧਿਐਨ ਕਰ ਕੇ ਖੇਤੀ ਨੂੰ ਲਾਭਕਾਰੀ ਬਣਾਉਣ ਦਾ ਵਿਸਤ੍ਰਿਤ ਰੋਡਮੈਪ ਤਿਆਰ ਕਰੇਗੀ। ਉਨ੍ਹਾਂ ਨੇ ਛੋਟੇ ਕਿਸਾਨਾਂ ਲਈ 'ਇੰਟੀਗ੍ਰੇਟੇਡ ਫਾਰਮਿੰਗ' (ਏਕੀਕ੍ਰਿਤ ਖੇਤੀਬਾੜੀ) ਨੂੰ ਆਮਦਨ ਵਧਾਉਣ ਦਾ ਸਭ ਤੋਂ ਪ੍ਰਭਾਵੀ ਮਾਡਲ ਦੱਸਿਆ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰੀ ਮੰਤਰੀ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਜੰਮੂ ਕਸ਼ਮੀਰ ਦਾ 'ਸੱਚਾ ਮਿੱਤਰ' ਅਤੇ 'ਹਮਦਰਦ' ਦੱਸਿਆ। ਉਨ੍ਹਾਂ ਕਿਹਾ,''ਇਕ ਹੀ ਫੇਜ਼ 'ਚ 8,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਮਨਜ਼ੂਰੀ ਕੋਈ ਮਾਮੂਲੀ ਗੱਲ ਨਹੀਂ ਹੈ। ਸੂਬਾ ਸਰਕਾਰ ਇਨ੍ਹਾਂ ਕੰਮਾਂ ਨੂੰ ਤੇਜ਼ੀ ਨਾਲ ਜ਼ਮੀਨ 'ਤੇ ਉਤਾਰੇਗੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
