ਐਂਟੀ ਕੋਵਿਡ ਦਵਾਈ ‘2DG’ ਹੋਈ ਲਾਂਚ, ਜਾਣੋ ਕਿਵੇਂ ਕੋਰੋਨਾ ਨੂੰ ਦੇਵੇਗੀ ਮਾਤ

05/17/2021 12:25:42 PM

ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਇਸ ਸਮੇਂ ਆਪਣਾ ਅਸਰ ਦਿਖਾ ਰਹੀ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ ’ਚ ਕੋਰੋਨਾ ਦੀ ਰਫ਼ਤਾਰ ਘਟੀ ਹੈ। ਜਿੱਥੇ ਪਹਿਲਾਂ 4 ਲੱਖ ਤੋਂ ਵੱਧ ਮਾਮਲੇ ਆਉਂਦੇ ਸਨ, ਹੁਣ ਮਾਮਲੇ ਘੱਟ ਗਏ ਹਨ। ਅੱਜ ਕੋਰੋਨਾ ਦੇ 2.81 ਲੱਖ ਮਾਮਲੇ ਸਾਹਮਣੇ ਆਏ ਹਨ ਪਰ ਚਿੰਤਾ ਦੀ ਗੱਲ ਇਹ ਹੈ ਕਿ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਅਜੇ ਘੱਟਦਾ ਨਜ਼ਰ ਨਹੀਂ ਆ ਰਿਹਾ ਹੈ। ਭਾਰਤ ’ਚ ਮਿ੍ਰਤਕਾਂ ਦੀ ਗਿਣਤੀ 2,74,390 ਹੋ ਗਈ ਹੈ। ਲੋਕ ਇਲਾਜ ਲਈ ਤੜਫਦੇ ਹੋਏ ਨਜ਼ਰ ਆ ਰਹੇ ਹਨ। ਤਮਾਮ ਸੰਕਟਾਂ ਵਿਚਾਲੇ ਦੇਸ਼ ’ਚ ਕੋਰੋਨਾ ਖ਼ਿਲਾਫ਼ ਜੰਗ ਜਾਰੀ ਹੈ। 

ਇਹ ਵੀ ਪੜ੍ਹੋ- ਦੁਖਦਾਈ ਇੰਪੈਕਟ : ਕੋਰੋਨਾ ਕਾਲ ’ਚ ਬਲੈਕ ਫੰਗਸ ਬਣਿਆ ਜਾਨ ਦੀ ਆਫ਼ਤ

ਇਸ ਸਭ ਦੇ ਦਰਮਿਆਨ ਕੋਰੋਨਾ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ। ਚੰਗੀ ਖ਼ਬਰ ਅੱਜ ਇਹ ਵੀ ਹੈ ਕਿ ਡੀ. ਆਰ. ਡੀ. ਓ. ਵਲੋਂ ਬਣਾਈ ਗਈ ਦਵਾਈ 2-ਡੀਜੀ ਲਾਂਚ ਹੋ ਗਈ ਹੈ, ਜੋ ਕਿ ਮਰੀਜ਼ਾਂ ਨੂੰ ਕੋਰੋਨਾ ਖ਼ਿਲਾਫ਼ ਲੜਾਈ ਲੜਨ ਵਿਚ ਮਦਦ ਕਰੇਗੀ। ਸੋਮਵਾਰ ਯਾਨੀ ਕਿ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ, ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਅਗਵਾਈ ਵਿਚ ਇਸ ਦਵਾਈ ਨੂੰ ਲਾਂਚ ਕੀਤਾ ਗਿਆ। ਦਵਾਈ ਲਾਂਚ ਕਰਨ ਮੌਕੇ ਹਰਸ਼ਵਰਧਨ ਨੇ ਕਿਹਾ ਕਿ ਕੋਵਿਡ ਖ਼ਿਲਾਫ਼ ਲੜਨ ਲਈ ਸਾਡਾ ਪਹਿਲਾ ਦੇਸੀ ਸੋਧ ਆਧਾਰਿਤ ਨਤੀਜਾ ਹੋ ਸਕਦਾ ਹੈ। ਇਸ ਤੋਂ ਠੀਕ ਹੋਣ ’ਚ ਲੱਗਣ ਵਾਲਾ ਸਮਾਂ ਅਤੇ ਆਕਸੀਜਨ ਦੀ ਨਿਰਭਰਤਾ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਇਹ ਆਉਣ ਵਾਲੇ ਦਿਨਾਂ ’ਚ ਵਿਸ਼ਵ ਪੱਧਰ ’ਤੇ ਕੋਵਿਡ ਖ਼ਿਲਾਫ਼ ਲੜਾਈ ’ਚ ਕੰਮ ਕਰੇਗੀ। ਹਰਸ਼ਵਰਧਨ ਨੇ ਕਿਹਾ ਕਿ ਮੈਂ ਡੀ. ਆਰ. ਡੀ. ਓ. ਅਤੇ ਉਸ ਦੇ ਵਿਗਿਆਨੀਆਂ ਨੂੰ ਧੰਨਵਾਦ ਅਤੇ ਵਧਾਈ ਦਿੰਦਾ ਹਾਂ। ਅਸੀਂ ਵੇਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਡੀ. ਆਰ. ਡੀ. ਓ. ਨੇ ਕੋਵਿਡ ਖ਼ਿਲਾਫ਼ ਲੜਾਈ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 

ਇਹ ਵੀ ਪੜ੍ਹੋ- ਅੰਧਵਿਸ਼ਵਾਸ; ਕੋਰੋਨਾ ਨਹੀਂ ‘ਕੋਰੋਨਾ ਮਾਈ’ ਹੈ, ਖ਼ਤਰਨਾਕ ਵਾਇਰਸ ਤੋਂ ਮੁਕਤੀ ਲਈ ਪੂਜਾ ਕਰ ਰਹੀਆਂ ਬੀਬੀਆਂ

PunjabKesari

ਕੀ ਹੈ 2-ਡੀਜੀ?
ਦੇਸ਼ ’ਚ ਕੋਰੋਨਾ ਖ਼ਿਲਾਫ਼ ਲੜਾਈ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਹੈਦਰਾਬਾਦ ਦੀ ਡਾ. ਰੈੱਡੀ ਲੈਬਸ ਨਾਲ ਮਿਲ ਕੇ ਇਕ ਦਵਾਈ ’ਤੇ ਕੰਮ ਕੀਤਾ, ਜਿਸ ਨੂੰ ਨਾਂ 2- ਡਿਆਕਸੀ-ਡੀ-ਗਲੂਕੋਜ਼ ਯਾਨੀ ਕਿ 2-ਡੀਜੀ ਦਿੱਤਾ ਗਿਆ ਹੈ। ਕਾਫੀ ਮੁਸ਼ੱਕਤ ਮਗਰੋਂ ਇਹ ਦਵਾਈ ਬਣਾਈ ਗਈ ਹੈ। 

ਇਹ ਵੀ ਪੜ੍ਹੋ- ਦੇਸ਼ ’ਚ ਕੋਰੋਨਾ ਦੀ ਰਫ਼ਤਾਰ ਪਈ ਮੱਠੀ: 2.81 ਲੱਖ ਨਵੇਂ ਮਾਮਲੇ ਪਰ ਮੌਤਾਂ ਅਜੇ ਵੀ 4100 ਤੋਂ ਵੱਧ

ਕਿਵੇਂ ਦੇਵੇਗੀ ਕੋਰੋਨਾ ਨੂੰ ਮਾਤ ਇਹ ਦਵਾਈ?
ਇਸ ਦਵਾਈ ਨੂੰ ਲੈ ਕੇ ਡੀ. ਆਰ. ਡੀ. ਓ. ਅਤੇ ਸਰਕਾਰ ਵਲੋਂ ਜਾਣਕਾਰੀ ਦਿੱਤੀ ਗਈ ਹੈ। ਇਹ ਹਸਪਤਾਲ ’ਚ ਦਾਖ਼ਲ ਮਰੀਜ਼ਾਂ ਦੀ ਤੇਜ਼ੀ ਨਾਲ ਰਿਕਵਰੀ ਕਰਨ ’ਚ ਮਦਦ ਕਰੇਗੀ ਅਤੇ ਬਾਹਰ ਤੋਂ ਆਕਸੀਜਨ ਦੇਣ ’ਤੇ ਨਿਰਭਰਤਾ ਨੂੰ ਵੀ ਘੱਟ ਕਰੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਵਾਈ ਕੋਵਿਡ-19 ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੋਵੇਗੀ। 

ਡਾਕਟਰਾਂ ਦੀ ਸਲਾਹ ’ਤੇ ਹੀ ਦਿੱਤੀ ਜਾਵੇਗੀ ਦਵਾਈ—
ਇਹ ਦਵਾਈ ਫ਼ਿਲਹਾਲ ਡਾਕਟਰਾਂ ਦੀ ਸਲਾਹ ’ਤੇ ਹੀ ਦਿੱਤੀ ਜਾਵੇਗੀ। ਅਜੇ ਇਸ ਦੀ ਸਿਰਫ਼ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ।  ਡੀ. ਆਰ. ਡੀ. ਓ. ਦੇ ਅਧਿਕਾਰੀਆਂ ਮੁਤਾਬਕ ਦੇਸ਼ ਭਰ ਦੇ 27 ਹਸਪਤਾਲਾਂ ’ਚ ਇਸ ਦਵਾਈ ਦੇ ਆਖ਼ਰੀ ਟਰਾਇਲ ਕੀਤੇ ਗਏ ਸਨ। ਇਸ ਦਵਾਈ ਦੇ ਇਕ-ਇਕ ਪਾਊਚ ਸਵੇਰੇ-ਸ਼ਾਮ ਪਾਣੀ ’ਚ ਘੋਲ ਕੇ ਮਰੀਜ਼ਾਂ ਨੂੰ ਦਿੱਤੇ ਗਏ। ਇਸ ਦੇ ਨਤੀਜੇ ਚੰਗੇ ਗਏ। ਜਿਨ੍ਹਾਂ ਮਰੀਜ਼ਾਂ ਨੂੰ ਦਵਾਈ ਦਿੱਤੀ ਗਈ, ਉਨ੍ਹਾਂ ’ਚ ਤੇਜ਼ੀ ਨਾਲ ਰਿਕਵਰੀ ਵੇਖੀ ਗਈ। ਇਸੇ ਦੇ ਆਧਾਰ ’ਤੇ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਇਸ ਦਵਾਈ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ।


Tanu

Content Editor

Related News