ਅਨਿਲ ਵਿਜ ਦੇ ਭਰਾ ਦੀ ਸ਼ਿਕਾਇਤ ''ਤੇ ਡੀ.ਆਈ.ਜੀ. ਵਿਰੁੱਧ ਮਾਮਲਾ ਦਰਜ
Monday, Feb 08, 2021 - 04:30 PM (IST)
ਅੰਬਾਲਾ- ਹਰਿਆਣਾ ਪੁਲਸ ਨੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਭਰਾ ਕਪਿਲ ਵਿਜ ਦੀ ਸ਼ਿਕਾਇਤ 'ਤੇ ਪੁਲਸ ਡਿਪਟੀ ਇੰਸਪੈਕਟਰ ਜਨਰਲ ਅਸ਼ੋਕ ਕੁਮਾਰ ਵਿਰੁੱਧ ਹਮਲਾ ਕਰਨ, ਧਮਕੀ ਦੇਣ ਅਤੇ ਅਸ਼ਲੀਲ ਹਰਕਤ ਦੇ ਦੋਸ਼ਾਂ 'ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਕਪਿਲ ਵਿਜ ਐਤਵਾਰ ਦੁਪਹਿਰ ਆਪਣੇ ਦੋਸਤ ਦੇ ਪੋਤੇ ਦੀ ਜਨਮਦਿਨ ਪਾਰਟੀ 'ਚ ਸ਼ਾਮਲ ਹੋਣ ਅੰਬਾਲਾ ਛਾਉਣੀ 'ਚ ਸਰਹਿੰਦ ਕਲੱਬ ਗਏ ਸਨ, ਜਿੱਥੇ ਡੀ.ਆਈ.ਜੀ. ਵੀ ਮੌਜੂਦ ਸਨ। ਪੁਲਸ ਸੂਤਰਾਂ ਨੇ ਕਿਹਾ ਕਿ ਇਸ ਦੌਰਾਨ ਕਿਸੇ ਮੁੱਦੇ ਨੂੰ ਲੈ ਕੇ ਕਪਿਲ ਵਿਜ ਅਤੇ ਡੀ.ਆਈ.ਜੀ. ਵਿਚਾਲੇ ਤਿੱਖੀ ਬਹਿਸ ਹੋ ਗਈ। ਕੁਝ ਲੋਕਾਂ ਦੇ ਦਖਲਅੰਦਾਜ਼ੀ ਨਾਲ ਮਾਮਲਾ ਸੁਲਝਾ ਲਿਆ ਗਿਆ। ਹਾਲਾਂਕਿ ਬਾਅਦ 'ਚ ਸ਼ਾਮ ਦੇ ਸਮੇਂ ਵਿਜ ਨੇ ਅੰਬਾਲਾ ਛਾਉਣੀ ਸਦਰ ਥਾਣੇ 'ਚ ਡੀ.ਆਈ.ਜੀ. ਵਿਰੁੱਧ ਸ਼ਿਕਾਇਤ ਦੇ ਦਿੱਤੀ। ਸ਼ਿਕਾਇਤ ਅਨੁਸਾਰ ਵਿਜ ਨੇ ਦੋਸ਼ ਲਗਾਇਆ ਕਿ ਉਹ ਵਿਅਕਤੀ ਜਿਸ ਬਾਰੇ ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗਾ ਕਿ ਉਹ ਡੀ.ਆਈ.ਜੀ. ਹੈ, ਉਸ ਕੋਲ ਆਇਆ ਅਤੇ ਬਿਨਾਂ ਕਿਸੇ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭੋਜਨ ਕਰਦੇ ਸਮੇਂ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਵਿਜ ਨੇ ਕਿਹਾ ਕਿ ਵਾਪਸ ਆਉਂਦੇ ਸਮੇਂ ਸੀਨੀਅਰ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਅੰਬਾਲਾ ਦਾ ਸਰਗਰਮ ਡੀ.ਆਈ.ਜੀ. ਹੈ ਅਤੇ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਪੁਲਸ ਸੂਤਰਾਂ ਅਨੁਸਾਰ ਸ਼ਿਕਾਇਤ ਮਿਲਣ ਤੋਂ ਬਾਅਦ ਅੰਬਾਲਾ ਦੇ ਐੱਸ.ਪੀ. ਹਾਮਿਦ ਅਖਤਰ ਸਮੇਤ ਸੀਨੀਅਰ ਪੁਲਸ ਅਧਿਕਾਰੀ ਰਾਤ ਕਰੀਬ 10 ਵਜੇ ਅੰਬਾਲਾ ਸਦਰ ਥਾਣਾ ਪਹੁੰਚੇ ਅਤੇ ਡੀ.ਆਈ.ਜੀ. ਵਿਰੁੱਧ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ।