ਵਿਸ਼ੇਸ਼ ਸੂਬੇ ਦਾ ਦਰਜਾ ਤੇ ਵਿਸ਼ੇਸ਼ ਆਰਥਿਕ ਪੈਕੇਜ ਦਿੱਤੇ ਬਿਨਾਂ ਹੀ ਭਾਜਪਾ ਨੇ ਸਸਤੇ ’ਚ ਹੀ ਮਨਾ ਲਏ ਨਾਇਡੂ ਤੇ ਨਿਤੀਸ
Wednesday, Jul 24, 2024 - 05:10 AM (IST)
ਜਲੰਧਰ, (ਨਰੇਸ਼ ਕੁਮਾਰ)- ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ’ਚ ਭਾਜਪਾ ਦੇ ਬਹੁਮਤ ਤੋਂ ਪੱਛੜ ਜਾਣ ਪਿੱਛੋਂ ਸਿਆਸੀ ਹਲਕਿਆਂ ’ਚ ਚਰਚਾ ਸੀ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ ਨੂੰ ਹਮਾਇਤ ਦੇਣ ਦੇ ਬਦਲੇ ਵੱਡੀ ਸਿਆਸੀ ਤੇ ਆਰਥਿਕ ਕੀਮਤ ਮੰਗਣਗੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਤਰੀ ਮੰਡਲ ਦੇ ਗਠਨ ਸਮੇਂ ਦੋਵਾਂ ਪਾਰਟੀਆਂ ਦੇ ਸਿਰਫ਼ 2 ਸੰਸਦ ਮੈਂਬਰਾਂ ਨੂੰ ਹੀ ਮੰਤਰੀ ਮੰਡਲ ਵਿਚ ਥਾਂ ਦਿੱਤੀ ਗਈ।
ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਇਹ ਦੋਵੇਂ ਨੇਤਾ ਬਜਟ ’ਚ ਆਪਣੀ ਹਮਾਇਤ ਦੀ ਵੱਡੀ ਆਰਥਿਕ ਕੀਮਤ ਵਸੂਲਣਗੇ। 2 ਦਿਨ ਪਹਿਲਾਂ ਮੀਡੀਆ ’ਚ ਇਹ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਬਿਹਾਰ ’ਚ ਜਨਤਾ ਦਲ (ਯੂ) ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ ਪਰ ਬਿਹਾਰ ਨੂੰ ਇਹ ਦਰਜਾ ਦੇਣ ਦੀ ਮੰਗ ਨੂੰ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਬਜਟ ਤੋਂ ਪਹਿਲਾਂ ਹੀ ਠੁਕਰਾ ਦਿੱਤਾ ਸੀ ।
ਜਦੋਂ ਬਜਟ ਆਇਆ ਤਾਂ ਬਿਹਾਰ ਤੇ ਆਂਧਰਾ ਪ੍ਰਦੇਸ਼ ਨੂੰ ਓਨੀ ਵੱਡੀ ਰਕਮ ਨਹੀਂ ਮਿਲੀ ਜਿੰਨੀ ਉਮੀਦ ਕੀਤੀ ਜਾ ਰਹੀ ਸੀ। ਭਾਜਪਾ ਨੇ ਸਸਤੇ ’ਚ ਹੀ ਨਾਇਡੂ ਤੇ ਨਿਤੀਸ਼ ਕੁਮਾਰ ਨੂੰ ਮਨਾ ਲਿਆ। ਆਂਧਰਾ ਪ੍ਰਦੇਸ਼ ਤੇ ਬਿਹਾਰ ਨੂੰ ਨਾ ਤਾਂ ਵਿਸ਼ੇਸ਼ ਸੂਬੇ ਦਾ ਦਰਜਾ ਮਿਲਿਆ ਤੇ ਨਾ ਹੀ ਵਿਸ਼ੇਸ਼ ਆਰਥਿਕ ਪੈਕੇਜ ਹਾਸਲ ਹੋਇਆ।
ਹਾਲਾਂਕਿ ਬਜਟ ’ਚ ਇਨ੍ਹਾਂ ਐਲਾਨਾਂ ਤੋਂ ਬਾਅਦ ਤੇਲਗੂ ਦੇਸ਼ਮ ਪਾਰਟੀ ਤੇ ਜਨਤਾ ਦਲ (ਯੂ) ਦੇ ਨੇਤਾਵਾਂ ਨੇ ਬਜਟ ਐਲਾਨਾਂ ਦਾ ਸਵਾਗਤ ਕੀਤਾ ਹੈ।