ਆਂਧਰਾ ਪ੍ਰਦੇਸ਼ ’ਚ ਪਿਤਾ ਦੀ ਵਿਰਾਸਤ ਸੰਭਾਲਣ ਲਈ ਭਰਾ-ਭੈਣ ’ਚ ਦਿਲਚਸਪ ਜੰਗ

05/08/2024 10:38:31 AM

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ’ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਜਾ ਰਹੀਆਂ ਹਨ। ਸੂਬੇ ਵਿਚ ਇਸ ਵਾਰ ਸੱਤਾ ਹਾਸਲ ਕਰਨ ਦੀ ਜੰਗ ਪਿਤਾ ਦੀ ਵਿਰਾਸਤ ਨੂੰ ਸੰਭਾਲਣ ਲਈ ਪਰਿਵਾਰ ਦੇ ਅੰਦਰ ਹੀ ਲੜੀ ਜਾ ਰਹੀ ਹੈ। ਅਸਲ ’ਚ ਸੂਬੇ ਦੀ ਕਡੱਪਾ ਸੀਟ ਤੋਂ ਮੁੱਖ ਮੰਤਰੀ ਅਤੇ ਵਾਈ. ਐੱਸ. ਆਰ. ਕਾਂਗਰਸ ਦੇ ਮੁਖੀ ਜਗਨ ਮੋਹਨ ਰੈੱਡੀ ਨੇ ਆਪਣੇ ਚਚੇਰੇ ਭਰਾ ਵਾਈ. ਐੱਸ. ਅਵਿਨਾਸ਼ ਰੈੱਡੀ ਨੂੰ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਨੇ ਰੈੱਡੀ ਸਾਹਮਣੇ ਜਗਨ ਮੋਹਨ ਦੀ ਹੀ ਸਕੀ ਭੈਣ ਵਾਈ. ਐੱਸ. ਸ਼ਰਮੀਲਾ ਨੂੰ ਟਿਕਟ ਦੇ ਕੇ ਮੁਕਾਬਲਾ ਦਿਲਚਸਪ ਬਣਾ ਦਿੱਤਾ ਹੈ। ਸ਼ਰਮੀਲਾ ਫਿਲਹਾਲ ਸੂਬਾ ਕਾਂਗਰਸ ਪ੍ਰਧਾਨ ਵੀ ਹੈ। ਸਿਆਸੀ ਮਾਹਿਰ ਇਸ ਘਰੇਲੂ ਸੀਟ ’ਤੇ ਮੁਕਾਬਲੇ ਨੂੰ ਪਰਿਵਾਰਕ ਵਿਰਾਸਤ ਤੇ ਹੋਂਦ ਦੀ ਲੜਾਈ ਕਰਾਰ ਦੇ ਰਹੇ ਹਨ। ਇਸ ਸੀਟ ’ਤੇ ਫਿਲਹਾਲ ਜਗਨ ਮੋਹਨ ਰੈੱਡੀ ਦੇ ਨਜ਼ਦੀਕੀ ਮੰਨੇ ਜਾਂਦੇ ਅਵਿਨਾਸ਼ ਰੈੱਡੀ ਵੀ ਸੰਸਦ ਮੈਂਬਰ ਹਨ।

ਸ਼ਰਮੀਲਾ ਨੇ ਮਾਰਚ 2011 ’ਚ ਜਗਨ ਵੱਲੋਂ ਸਥਾਪਤ ਵਾਈ. ਐੱਸ. ਆਰ. ਸੀ. ਪੀ. ਨੂੰ ਸੂਬੇ ਵਿਚ ਇਕ ਪ੍ਰਮੁੱਖ ਸਿਆਸੀ ਤਾਕਤ ਦੇ ਰੂਪ ’ਚ ਉਭਾਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਉਹ 2012 ਤੇ 2013 ਵਿਚਾਲੇ ਜਗਨ ਮੋਹਨ ਰੈੱਡੀ ਦੇ 16 ਮਹੀਨਿਆਂ ਲਈ ਜੇਲ੍ਹ ਵਿਚ ਰਹਿਣ ਦੌਰਾਨ ਪਾਰਟੀ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹੀ ਰਹੀ, ਜਦੋਂਕਿ ਮਈ 2019 ’ਚ ਵਾਈ. ਐੱਸ. ਆਰ. ਸੀ. ਪੀ. ਦੇ ਸੱਤਾ ਵਿਚ ਆਉਣ ਤੋਂ ਬਾਅਦ ਉਸ ਨੂੰ ਕਥਿਤ ਤੌਰ ’ਤੇ ਅਣਡਿੱਠ ਕੀਤਾ ਗਿਆ ਸੀ। ਆਂਧਰਾ ਪ੍ਰਦੇਸ਼ ਕਾਂਗਰਸ ਮੁਖੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਮੀਡੀਆ ਨੂੰ ਦਿੱਤੇ ਬਿਆਨ ਵਿਚ ਸ਼ਰਮੀਲਾ ਨੇ ਕਿਹਾ ਸੀ–‘‘ਜਦੋਂ ਜਗਨ ਜੇਲ ਵਿਚ ਸਨ ਤਾਂ ਮੈਂ ਪੂਰੇ ਆਂਧਰਾ ਪ੍ਰਦੇਸ਼ ਵਿਚ 3200 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਸੀ। ਮੈਂ ਤੇਜ਼ ਧੁੱਪ ਤੇ ਮੀਂਹ ਦਾ ਸਾਹਮਣਾ ਕਰਦੇ ਹੋਏ ਆਪਣੇ ਘਰ ਤੇ ਬੱਚਿਆਂ ਨੂੰ ਇਕੱਲੇ ਛੱਡ ਦਿੱਤਾ ਸੀ। ਜਦੋਂ ਵੀ ਲੋੜ ਪਈ, ਮੈਂ ਜਗਨ ਅੰਨਾ (ਭਰਾ) ਦੀ ਜਿੱਤ ਲਈ ਕੰਮ ਕਰਨ ਵਾਸਤੇ ਉਸ ਦੇ ਨਾਲ ਖੜ੍ਹੀ ਰਹੀ ਪਰ ਜਿਸ ਦਿਨ ਉਹ ਮੁੱਖ ਮੰਤਰੀ ਬਣਿਆ, ਉਹ ਬਦਲ ਗਿਆ।’’

ਇਹ ਸਾਬਤ ਕਰਨ ਲਈ ਕਿ ਉਸ ਨੇ ਵੀ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਇਆ ਹੈ, ਸ਼ਰਮੀਲਾ ਨੇ ਜੁਲਾਈ 2022 ’ਚ ਵਾਈ. ਐੱਸ. ਆਰ. ਤੇਲੰਗਾਨਾ ਪਾਰਟੀ ਦੀ ਸਥਾਪਨਾ ਕੀਤੀ ਅਤੇ ਪੂਰੇ ਤੇਲੰਗਾਨਾ ਵਿਚ 3800 ਕਿਲੋਮੀਟਰ ਤਕ ਪੈਦਲ ਮਾਰਚ ਕੀਤਾ ਪਰ ਇਹ ਮਹਿਸੂਸ ਕਰਨ ਤੋਂ ਬਾਅਦ ਕਿ ਤੇਲੰਗਾਨਾ ਵਿਚ ਉਸ ਦੀ ਕੋਈ ਭੂਮਿਕਾ ਨਹੀਂ, ਉਸ ਨੇ ਆਪਣੀ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰ ਦਿੱਤਾ।

ਉੱਧਰ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਤੀਜੀ ਵਾਰ ਪੁਲੀਵੇਂਦੁਲਾ ਤੋਂ ਚੋਣ ਲੜ ਰਹੇ ਹਨ। ਚੋਣ ਭੂਮੀ ਵਿਚ ਲੜ ਰਹੇ ਭਰਾਵਾਂ-ਭੈਣਾਂ ਦੇ ਪਿਤਾ ਸਵ. ਵਾਈ. ਐੱਸ. ਰਾਜਸ਼ੇਖਰ ਰੈੱਡੀ (ਵਾਈ. ਐੱਸ. ਆਰ.) ਨੇ 1978, 1983 ਤੇ 1985 ’ਚ 3 ਵਾਰ ਪੁਲੀਵੇਂਦੁਲਾ ਵਿਧਾਨ ਸਭਾ ਸੀਟ ਜਿੱਤੀ ਸੀ। ਉਨ੍ਹਾਂ ਦੇ ਭਰਾ ਵਾਈ. ਐੱਸ. ਵਿਵੇਕਾਨੰਦ ਰੈੱਡੀ ਨੇ 1989 ਤੇ 1994 ’ਚ ਸੀਟ ਜਿੱਤੀ ਸੀ। 1991 ਦੀ ਉਪ-ਚੋਣ ਤੋਂ ਬਾਅਦ ਵਾਈ. ਐੱਸ. ਆਰ. ਦੇ ਚਾਚਾ ਵਾਈ. ਐੱਸ. ਪੁਰਸ਼ੋਤਮ ਰੈੱਡੀ ਵੀ ਕੁਝ ਸਮੇਂ ਲਈ ਇਸ ਸੀਟ ’ਤੇ ਰਹੇ। ਵਾਈ. ਐੱਸ. ਆਰ. ਨੇ 1999, 2004 ਤੇ 2009 ’ਚ ਇਕ ਵਾਰ ਮੁੜ ਸੀਟ ਜਿੱਤੀ। 2009 ’ਚ ਅਣਵੰਡੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਲਗਾਤਾਰ ਦੂਜੇ ਕਾਰਜਕਾਲ ਲਈ ਸਹੁੰ ਚੁੱਕਣ ਤੋਂ 6 ਮਹੀਨਿਆਂ ਬਾਅਦ ਇਕ ਹੈਲੀਕਾਪਟਰ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।


Tanu

Content Editor

Related News