ਅਨੰਤਨਾਗ ਮੁਕਾਬਲਾ : ਜੰਗਲ ’ਚੋਂ ਮਿਲੀ ਲਾਸ਼ ਦਾ ਹੋਵੇਗਾ ਡੀ. ਐੱਨ. ਏ. ਟੈਸਟ, 3 ਅੱਤਵਾਦੀ ਹਮਾਇਤੀ ਗ੍ਰਿਫਤਾਰ
Tuesday, Sep 19, 2023 - 05:59 PM (IST)
ਸ੍ਰੀਨਗਰ/ਜੰਮੂ/ਕਿਸ਼ਤਵਾੜ (ਉਦੈ, ਅਜੇ)- ਅਨੰਤਨਾਗ ਦੇ ਕੋਕਰਨਾਗ 'ਚ ਜੰਮੂ-ਕਸ਼ਮੀਰ ਪੁਲਸ, ਫੌਜ ਅਤੇ ਸੁਰੱਖਿਆ ਫੋਰਸਾਂ ਨੇ ਪੂਰੇ ਇਲਾਕੇ ਨੂੰ ਘੇਰਿਆ ਹੋਇਆ ਹੈ ਅਤੇ ਜੰਗਲ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਹੈ। ਜੰਗਲ ਵਿਚ ਡਰੋਨ ਰਾਹੀਂ ਕੀਤੀ ਗਈ ਗੋਲਾਬਾਰੀ ਅਤੇ ਬੰਬਾਰੀ ਨਾਲ 5 ਗੁਫਾਵਾਂ ਨੂੰ ਢਾਹ ਦਿੱਤਾ ਗਿਆ ਹੈ। ਉਥੇ ਸੁਰੱਖਿਆ ਫੋਰਸਾਂ ਨੇ ਜੰਗਲ ’ਚੋਂ ਇਕ ਅੱਤਵਾਦੀ ਦੀ ਸੜੀ ਹੋਈ ਲਾਸ਼ ਨੂੰ ਬਰਾਮਦ ਕੀਤੀ ਹੈ। ਲਾਸ਼ ਦੇ ਕੱਪੜਿਆਂ ਅਤੇ ਹੋਰ ਤੱਥਾਂ ਦੇ ਆਧਾਰ ’ਤੇ ਹੁਣ ਡੀ. ਐੱਨ. ਏ. ਟੈਸਟ ਕੀਤਾ ਜਾਏਗਾ।
ਫੌਜ ਦੇ ਜਵਾਨਾਂ ਨੇ ਮਾਡਰਨ ਤਕਨੀਕ ਦੀ ਵਰਤੋਂ ਕਰਦੇ ਹੋਏ ਪਹਾੜਾਂ ’ਤੇ ਬਣੀਆਂ ਕੁਦਰਤੀ ਗੁਫਾਵਾਂ ਨੂੰ ਰਾਕਟ ਲਾਂਚਰ ਅਤੇ ਡਰੋਨ ਦੀ ਮਦਦ ਨਾਲ ਤਬਾਹ ਕਰ ਦਿੱਤਾ ਸੀ। ਕੁਝ ਥਾਵਾਂ ’ਤੇ ਅੱਤਵਾਦੀ ਸੰਘਣੇ ਦਰੱਖਤਾਂ ’ਚ ਪਨਾਹ ਲੈ ਰਹੇ ਸਨ, ਜਿਨ੍ਹਾਂ ਨੂੰ ਡੇਗ ਦਿੱਤਾ ਗਿਆ ਹੈ। ਹੁਣ ਸੁਰੱਖਿਆ ਫੋਰਸ ਦੇ ਜਵਾਨ ਮਾਰਡਨ ਤਕਨੀਕ ਦੀ ਵਰਤੋਂ ਕਰਦੇ ਹੋਏ ਤਲਾਸ਼ੀ ਮੁਹਿੰਮ ਚਲਾ ਰਹੇ ਹਨ।
ਦੂਜੇ ਪਾਸੇ, ਕਿਸ਼ਤਵਾੜ ਪੁਲਸ ਨੇ ਅੱਤਵਾਦੀਆਂ ਨਾਲ ਹਮਦਰਦੀ ਰੱਖਣ ਵਾਲੇ 3 ਓ. ਜੀ. ਡਬਲਿਊ. (ਓਵਰ-ਗਰਾਊਂਡ ਵਰਕਰਜ਼) ਦੇ ਖਿਲਾਫ ਪਬਲਿਕ ਸੇਫਟੀ ਐਕਟ, 1978 (ਪੀ. ਐੱਸ. ਏ.) ਦੇ ਤਹਿਤ ਮਾਮਲਾ ਦਰਜ ਕਰ ਕੇ ਜੇਲ ਭੇਜ ਦਿੱਤਾ ਹੈ। ਐੱਸ. ਐੱਸ. ਪੀ. ਕਿਸ਼ਤਵਾੜ ਖਲੀਲ ਪੋਸਵਾਲ ਨੇ ਕਿਹਾ ਕਿ ਪੁਲਸ ਦੇਸ਼ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਬਹੁਪੱਖੀ ਰਣਨੀਤੀ ਅਪਨਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 3 ਵਿਅਕਤੀਆਂ ਖ਼ਿਲਾਫ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਦੀ ਪਛਾਣ ਜ਼ਹੂਰ-ਉਲ-ਹਸਨ ਕਮਾਲ ਉਰਫ਼ ਨਿੱਕਾ ਕਮਾਲ ਪੁੱਤਰ ਵਲੀ ਮੁਹੰਮਦ ਕਮਾਲ ਵਾਸੀ ਕਮਾਲ ਮੁਹੱਲਾ, ਕਿਸ਼ਤਵਾੜ, ਤੌਸੀਫ਼-ਉਲ-ਨਬੀ ਪੁੱਤਰ ਗੁਲਾਮ ਨਬੀ ਗੁੰਨਾ ਨਿਵਾਸੀ ਨੇੜੇ ਜਾਮੀਆ ਮਸਜਿਦ, ਕਿਸ਼ਤਵਾੜ ਅਤੇ ਰਈਜ਼ ਅਹਿਮਦ ਪੁੱਤਰ ਮੁਹੰਮਦ ਰਮਜ਼ਾਨ ਨਿਵਾਸੀ ਸੋਂਦਰ ਦਚਛਨ ਕਿਸ਼ਤਵਾੜ ਵਜੋਂ ਹੋਈ ਹੈ।