ਭੁਪਿੰਦਰ ਸਿੰਘ ਹੁੱਡਾ ਦੇ ਸਮਰਥਨ ''ਚ ਆਏ ਆਨੰਦ ਸ਼ਰਮਾ
Sunday, Feb 04, 2018 - 02:26 PM (IST)

ਚੰਡੀਗੜ੍ਹ — ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੋਫੋਰਸ ਮਾਮਲਾ ਇਕ ਪੁਰਾਣਾ ਮਾਮਲਾ ਹੈ ਅਤੇ ਅੱਜ ਦੀ ਸਰਕਾਰ ਇਸ ਮਾਮਲੇ ਨੂੰ ਬੇਮਤਲਬ ਤੂਲ ਦੇ ਰਹੀ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸਿਆਸੀ ਚਾਲ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਿਸ ਕਿਸੇ ਸੂਬੇ 'ਚ ਵੀ ਭਾਜਪਾ ਸਰਕਾਰ ਹੈ ਉਥੇ ਹੀ ਸਰਕਾਰੀ ਏਜੰਸੀਆਂ ਵਲੋਂ ਦਬਾਅ ਬਣਾ ਕੇ ਇਹ ਨੀਤੀ ਅਪਨਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਤੰਗ ਕੀਤਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਦੇ ਕੰਮ ਜ਼ਿਆਦਾ ਦੇਰ ਨਹੀਂ ਚੱਲਦੇ। ਆਨੰਦ ਸ਼ਰਮਾ ਨੇ ਕਿਹਾ ਕਿ ਭਾਜਪਾ ਸਰਕਾਰ ਸਰਕਾਰੀ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਸਾਰੀਆਂ ਸੰਸਥਾਵਾਂ ਦੀ ਭੋਰਸੇਯੋਗਤਾ ਸਵਾਲਾਂ ਦੇ ਘੇਰੇ 'ਚ ਹੈ। ਹਰਿਆਣਾ ਵਿਚ ਜੇਕਰ ਅੱਜ ਵੀ ਚੋਣਾਂ ਹੁੰਦੀਆਂ ਹਨ ਤਾਂ ਨਾ ਤਾਂ ਮੁੱਖ ਮੰਤਰੀ ਖੱਟੜ ਨਜ਼ਰ ਆਉਣਗੇ ਅਤੇ ਨਾ ਹੀ ਉਨ੍ਹਾਂ ਦੇ ਮੰਤਰੀ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ 'ਤੇ ਮਾਨਸਰ ਜ਼ਮੀਨ ਮਾਮਲੇ ਦੀ ਚਾਰਜਸ਼ੀਟ ਦਾਖਿਲ ਕਰਨ ਤੋਂ ਬਾਅਦ ਹੁਣ ਸੀ.ਬੀ.ਆਈ. ਟੀਮ ਜਲਦੀ ਹੀ ਪੰਚਕੂਲਾ ਦੇ ਸਨਅਤੀ ਪਲਾਟ ਅਲਾਓਂਸ ਕੇਸ ਦੀ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਜਾਂਚ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਅਗਲੇ ਕੁਝ ਦਿਨਾਂ ਵਿਚ ਇਸ ਘਟਨਾਕ੍ਰਮ ਦੀ ਚਾਰਜਸ਼ੀਟ ਸੀ.ਬੀ.ਆਈ. ਪੰਚਕੂਲਾ ਕੋਰਟ 'ਚ ਦਾਇਰ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਅਗਲਾ ਮਹੀਨਾ ਹੁੱਡਾ ਲਈ ਔਖਾ ਸਮਾਂ ਹੋ ਸਕਦਾ ਹੈ। ਹਾਲਾਂਕਿ ਹੁੱਡਾ ਸਰਕਾਰ 'ਚ ਹੋਈਆਂ ਬੇਨਿਯਮੀਆਂ ਦੇ ਤਕਰੀਬਨ 100 ਕੇਸ ਵਿਜੀਲੈਂਸ ਬਿਊਰੋ ਦੁਆਰਾ ਜਾਂਚ ਕੀਤੇ ਜਾ ਰਹੇ ਹਨ ਪਰ ਤਿੰਨ ਕੇਸ ਇਸ ਤਰ੍ਹਾਂ ਦੇ ਹਨ ਜਿਨ੍ਹਾਂ 'ਚ ਹੁੱਡਾ ਆਪਣੇ ਨਾਮ ਅਤੇ ਅਹੁਦੇ ਅਨੁਸਾਰ ਕਥਿਤ ਦੋਸ਼ੀ ਦੇ ਰੂਪ 'ਚ ਸ਼ਾਮਲ ਹਨ। ਇਸ ਤੋਂ ਇਲਾਵਾ ਢਿੰਗਰਾ ਕਮਿਸ਼ਨ ਦੀ ਰਿਪੋਰਟ ਵੀ ਜਨਤਕ ਹੋਣ ਤੋਂ ਬਾਅਦ ਹੁੱਡਾ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।