ਬਿਪਰਜੋਏ ਮਗਰੋਂ ਅਮਿਤ ਸ਼ਾਹ ਨੇ ਕੀਤਾ ਕੱਛ ਦਾ ਹਵਾਈ ਸਰਵੇਖਣ, ਜ਼ਖ਼ਮੀਆਂ ਤੇ ਗਰਭਵਤੀਆਂ ਨਾਲ ਕੀਤੀ ਮੁਲਾਕਾਤ

Sunday, Jun 18, 2023 - 05:49 AM (IST)

ਦਵਾਰਕਾ/ਰਾਜਕੋਟ/ਕੱਛ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਸਮੁੰਦਰੀ ਤੂਫਾਨ ਕਾਰਨ ਹੋਏ ਨੁਕਸਾਨ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੱਛ ਦਾ ਹਵਾਈ ਸਰਵੇਖਣ ਕੀਤਾ। ਸੂਬੇ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਉਨ੍ਹਾਂ ਨਾਲ ਸਨ।

ਉਹ ਮਾਂਡਵੀ ਕਸਬੇ ਦੇ ਇੱਕ ਹਸਪਤਾਲ ਵਿੱਚ ਜ਼ਖਮੀ ਲੋਕਾਂ ਅਤੇ ਗਰਭਵਤੀ ਔਰਤਾਂ ਨੂੰ ਮਿਲੇ । ਉਨ੍ਹਾਂ ਐੱਨ. ਡੀ. ਆਰ. ਐਫ. ਅਤੇ ਬੀ. ਐੱਸ.ਐੱਫ. ਦੇ ਜਵਾਨਾਂ ਨਾਲ ਵੀ ਗੱਲਬਾਤ ਕੀਤੀ

ਸਰਵੇਖਣ ਤੋਂ ਬਾਅਦ ਸ਼ਾਹ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਤੂਫਾਨ ਕਾਰਨ ਕੋਈ ਮਨੁੱਖੀ ਜਾਨ ਨਹੀਂ ਗਈ। 47 ਲੋਕ ਜ਼ਖਮੀ ਹੋਏ ਹਨ। ਇਹ ਗੁਜਰਾਤ ਸਰਕਾਰ ਦੀ ਵੱਡੀ ਪ੍ਰਾਪਤੀ ਹੈ। 234 ਪਸ਼ੂਆਂ ਦੀ ਮੌਤ ਹੋਈ ਹੈ। ਸਾਰੇ ਜ਼ਿਲਿਆਂ ਵਿੱਚੋਂ 4317 ਹੋਰਡਿੰਗਜ਼ ਹਟਾਏ ਗਏ ਹਨ। ਤੇਜ਼ ਹਵਾਵਾਂ ਕਾਰਨ 3400 ਪਿੰਡਾਂ ਵਿੱਚ ਬਿਜਲੀ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ’ਚ 20 ਜੂਨ ਤੱਕ ਬਿਜਲੀ ਛੇਤੀ ਬਹਾਲ ਹੋ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਪੰਜਾਬ 'ਚ ਵਾਪਰਿਆ ਭਿਆਨਕ ਬੱਸ ਹਾਦਸਾ, ਘੱਟੋ-ਘੱਟ 13 ਲੋਕਾਂ ਦੀ ਹੋਈ ਮੌਤ

ਸਮੁੰਦਰੀ ਤੂਫਾਨ ‘ਬਿਪਰਜੋਏ’ 15 ਜੂਨ ਦੀ ਰਾਤ ਨੂੰ ਕੱਛ ਦੇ ਕੰਢੇ ਨਾਲ ਟਕਰਾਇਆ ਸੀ। ਉਸ ਤੋਂ ਕਈ ਘੰਟੇ ਬਾਅਦ ਵੀ ਗੁਜਰਾਤ ’ਚ ਭਾਰੀ ਮੀਂਹ ਜਾਰੀ ਹੈ। ਸੌਰਾਸ਼ਟਰ-ਕੱਛ ਸਮੇਤ ਉੱਤਰੀ ਗੁਜਰਾਤ ਦੇ ਕਈ ਸ਼ਹਿਰਾਂ ’ਚ ਐਤਵਾਰ ਮੀਂਹ ਪੈਂਦਾ ਰਿਹਾ। ਪਾਲਨਪੁਰ, ਪਾਟਨ, ਬਨਾਸਕਾਂਠਾ ਅਤੇ ਅੰਬਾਜੀ ਜ਼ਿਲਿਆਂ ਦੇ ਕਈ ਕਸਬਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸਥਾਨਕ ਦਰਿਆਵਾਂ ਵਿੱਚ ਹੜ੍ਹ ਆਉਣ ਕਾਰਨ ਪਾਟਨ ਦੇ ਸੈਂਕੜੇ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ।

ਬਨਾਸਕਾਂਠਾ ’ਚ ਬਾਰਿਸ਼ ਕਾਰਨ ਬਨਾਸ ਨਦੀ ਦੇ ਪਾਣੀ ਦੇ ਆਬੂ ਰੋਡ ’ਤੇ ਪਹੁੰਚਣ ਤੋਂ ਬਾਅਦ ਪਾਲਨਪੁਰ-ਅੰਬਾਜੀ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਸ਼ਕਤੀਪੀਠ ਅੰਬਾਜੀ ’ਚ ਹੜ੍ਹ ਕਾਰਨ ਰਾਜਸਥਾਨ ਅਤੇ ਗੁਜਰਾਤ ਤੋਂ ਆਏ ਸ਼ਰਧਾਲੂ ਵਾਪਸ ਮੁੜ ਗਏ। ਗੁਜਰਾਤ ਦੇ ਪਾਟਨ ’ਚ ਬਣੇ ਸਭ ਤੋਂ ਵੱਡੇ ਸੋਲਰ ਪਲਾਂਟ ਨੂੰ ਤੂਫਾਨ ਨਾਲ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਹਵਾਵਾਂ ਕਾਰਨ ਚਾਰਨਕਾ ਪਲਾਂਟ ਦੇ ਸੋਲਰ ਪੈਨਲ ਝੁਕ ਗਏ ਅਤੇ ਖੇਤਰ ’ਚ ਹੜ੍ਹ ਆ ਗਿਆ।

ਇਹ ਖ਼ਬਰ ਵੀ ਪੜ੍ਹੋ - ਇਸ ਦੇਸ਼ 'ਚ ਵਸਣ ਲਈ 71 ਲੱਖ ਰੁਪਏ ਦੇਵੇਗੀ ਸਰਕਾਰ, ਜਾਣੋ ਕੀ ਹੈ ਪੂਰੀ ਯੋਜਨਾ

ਥਰਾਦ ਸ਼ਹਿਰ ਵਿੱਚ 80 ਤੋਂ 90 ਕਿ. ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ । ਇਸ ਕਾਰਨ ਸ਼ਹਿਰ ਵਿੱਚ ਦਰਜਨਾਂ ਘਰਾਂ ਅਤੇ ਦੁਕਾਨਾਂ ਦੇ ਸ਼ੈੱਡ ਅਤੇ ਹੋਰਡਿੰਗਜ਼ ਉਖੜ ਗਏ। ਕਈ ਇਲਾਕਿਆਂ ’ਚ ਬਿਜਲੀ ਦੇ ਖੰਭੇ ਅਤੇ ਦਰੱਖਤ ਡਿੱਗ ਗਏ। ਸ਼ਹਿਰ ਦੇ ਬਹੁਤੇ ਇਲਾਕੇ ਗੋਡੇ-ਗੋਡੇ ਪਾਣੀ ਨਾਲ ਭਰ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News