POK ਕਾਂਗਰਸ ਨੇ ਦਿੱਤਾ, ਵਾਪਸ BJP ਲਿਆਵੇਗੀ, ਰਾਜਸਭਾ ''ਚ ਅਮਿਤ ਸ਼ਾਹ ਦਾ ਐਲਾਨ
Wednesday, Jul 30, 2025 - 08:50 PM (IST)

ਨਵੀਂ ਦਿੱਲੀ- ਰਾਜਸਭਾ ਵਿੱਚ ਆਪਰੇਸ਼ਨ ਸਿੰਦੂਰ 'ਤੇ ਚਰਚਾ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਜੋ ਮਜ਼ਬੂਤ ਜਵਾਬ ਪਾਕਿਸਤਾਨ ਅਤੇ ਅਤੱਵਾਦੀਆਂ ਨੂੰ ਦਿੱਤਾ ਹੈ, ਸਦਨ ਵਿੱਚ ਉਸ ਬਾਰੇ ਚਰਚਾ ਵਿੱਚ ਹਿੱਸਾ ਲੈਣ ਲਈ ਖੜ੍ਹਾ ਹੋਇਆ ਹਾਂ। ਅਮਿਤ ਸ਼ਾਹ ਨੇ ਜਿਵੇਂ ਹੀ ਬੋਲਣਾ ਸ਼ੁਰੂ ਕੀਤਾ ਤਾਂ ਵਿਰੋਧੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿੱਥੇ ਹੈ, ਇਸ ਮੌਕੇ ਪ੍ਰਧਾਨ ਮੰਤਰੀ ਨੂੰ ਮੌਜੂਦ ਹੋਣਾ ਚਾਹੀਦੈ। ਇਸ 'ਤੇ ਸ਼ਾਹ ਨੇ ਕਿਹਾ ਕਿ ਪ੍ਰਧਾਨ ਸਾਹਿਬ ਦਫਤਰ ਵਿੱਚ ਹੀ ਹਨ। ਕੀ ਉਨ੍ਹਾਂ ਨੂੰ ਸੁਣਨ ਦਾ ਜ਼ਿਆਦਾ ਸ਼ੌਂਕ ਹੈ, ਫਿਰ ਹੋਰ ਤਕਲੀਫ ਹੋਵੇਗੀ, ਇਸ ਗੱਲ ਨੂੰ ਇਹ ਸਮਝਦੇ ਨਹੀਂ ਹਨ। ਇਸ ਦੌਰਾਨ ਵਿਰੋਧੀਆਂ ਨੇ ਪ੍ਰਧਾਨ ਮੰਤਰੀ ਸਦਨ 'ਚ ਆਓ ਦੇ ਨਾਅਰੇ ਲਗਾਏ।
ਅਮਿਤ ਸ਼ਾਹ ਜਦੋਂ ਸਦਨ ਵਿੱਚ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਦਨ ਵਿੱਚ ਆ ਕੇ ਗੱਲ ਰੱਖਣ ਕਿਉਂਕਿ ਕਈ ਸਵਾਲ ਉਨ੍ਹਾਂ ਨਾਲ ਸੰਬੰਧਿਤ ਹਨ। ਜੇਕਰ ਉਹ ਸਦਨ ਵਿੱਚ ਨਹੀਂ ਆਉਂਦੇ ਹਨ ਤਾਂ ਇਹ ਸਦਨ ਦਾ ਅਪਮਾਨ ਹੈ। ਇਸ ਮੌਕੇ ਬੋਲਦਿਆਂ ਅਮਿਤ ਸ਼ਾਹ ਨੇ ਦੱਸਿਆ ਕਿ 7 ਮਈ ਨੂੰ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਅ ਕਰ ਦਿੱਤਾ ਗਿਆ ਅਤੇ 100 ਤੋਂ ਵੱਧ ਅੱਤਵਾਦੀ ਮਾਰੇ ਗਏ।
ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਰਾਜਸਭਾ 'ਚ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੀਓਕੇ ਕਾਂਗਰਸ ਨੇ ਦਿੱਤਾ ਸੀ ਪਰ ਲੈਣ ਦਾ ਕੰਮ ਭਾਜਪਾ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਮਲਾ ਕੀਤਾ ਸੀ। 8 ਮਈ ਨੂੰ ਪਾਕਿਸਤਾਨ ਨੇ ਰਿਹਾਇਸ਼ੀ ਇਲਾਕਿਆਂ ਅਤੇ ਫੌਜੀ ਠਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਫੈਸਲਾ ਕੀਤਾ ਕਿ ਉਹ ਇਸ ਦਾ ਜਵਾਬ ਰੱਖਿਆ ਸਮਰੱਥਾ ਨੂੰ ਤਬਾਹ ਕਰਕੇ ਦੇਵੇਗਾ। ਇਸ ਤੋਂ ਬਾਅਦ ਭਾਰਤ ਨੇ ਉਨ੍ਹਾਂ ਦੇ ਏਅਰਬੇਸ ਨੂੰ ਤਬਾਹ ਕਰ ਦਿੱਤਾ ਸੀ।