ਅਮਰੀਕਾ ਦੀ ਐਡਵਾਇਜ਼ਰੀ, ਇਨ੍ਹਾਂ ਭਾਰਤੀ ਇਲਾਕਿਆਂ ''ਚ ਅਮਰੀਕੀ ਰੱਖਣ ਆਪਣਾ ਧਿਆਨ

Wednesday, Jul 24, 2024 - 11:34 PM (IST)

ਅਮਰੀਕਾ ਦੀ ਐਡਵਾਇਜ਼ਰੀ, ਇਨ੍ਹਾਂ ਭਾਰਤੀ ਇਲਾਕਿਆਂ ''ਚ ਅਮਰੀਕੀ ਰੱਖਣ ਆਪਣਾ ਧਿਆਨ

ਵਾਸ਼ਿੰਗਟਨ : ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਮਣੀਪੁਰ, ਜੰਮੂ-ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦੀ ਖੇਤਰਾਂ ਅਤੇ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸਿਆਂ 'ਚ ਨਾ ਜਾਣ ਲਈ ਕਿਹਾ ਹੈ, ਜਿੱਥੇ ਨਕਸਲੀ ਸਰਗਰਮ ਹਨ। ਭਾਰਤ ਲਈ ਜਾਰੀ ਕੀਤੀ ਗਈ ਐਡਵਾਇਜ਼ਰੀ ਵਿਚ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਸਨੇ ਇਸਨੂੰ ਉੱਤਰ-ਪੂਰਬੀ ਰਾਜਾਂ ਸਬੰਧੀ ਜਾਣਕਾਰੀ ਦੇ ਨਾਲ ਅਪਡੇਟ ਕੀਤਾ ਹੈ।

ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਅਪਰਾਧ ਅਤੇ ਅੱਤਵਾਦ, ਨਕਸਲਵਾਦ ਦੇ ਕਾਰਨ ਭਾਰਤ 'ਚ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ। ਕੁਝ ਖੇਤਰਾਂ ਵਿੱਚ ਖਤਰਾ ਵਧ ਗਿਆ ਹੈ। ਕੁੱਲ ਮਿਲਾ ਕੇ ਭਾਰਤ ਨੂੰ ਲੈਵਲ ਦੋ 'ਤੇ ਰੱਖਿਆ ਗਿਆ ਹੈ। ਪਰ ਦੇਸ਼ ਦੇ ਕਈ ਹਿੱਸਿਆਂ ਨੂੰ ਚੌਥੇ ਪੱਧਰ 'ਤੇ ਰੱਖਿਆ ਗਿਆ ਹੈ ਜਿਵੇਂ ਕਿ ਜੰਮੂ-ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ, ਮਨੀਪੁਰ ਅਤੇ ਮੱਧ ਅਤੇ ਪੂਰਬੀ ਭਾਰਤ ਦੇ ਕੁਝ ਹਿੱਸੇ।

ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅੱਤਵਾਦ ਤੇ ਨਾਗਰਿਕ ਅਸ਼ਾਂਤੀ ਦੇ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ (ਪੂਰਬੀ ਲੱਦਾਖ ਖੇਤਰ ਤੇ ਇਸ ਦੀ ਰਾਜਧਾਨੀ ਲੇਹ ਨੂੰ ਛੱਡ ਕੇ) ਹਥਿਆਰਬੰਦ ਸੰਘਰਸ਼ ਦੇ ਖਤਰੇ ਕਾਰਨ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਨਸਲਵਾਦ, ਅੱਤਵਾਦ ਦੇ ਕਾਰਨ ਮੱਧ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆ ਤੇ ਹਿੰਸਾ ਤੇ ਅਪਰਾਧ ਦੇ ਕਾਰਨ ਮਣਿਪੁਰ ਦੀ ਯਾਤਰਾ ਨਾ ਕੀਤੀ ਜਾਵੇ। ਸਲਾਹ ਵਿਚ ਅਮਰੀਕੀਆਂ ਨੂੰ ਅੱਤਵਾਦ ਤੇ ਹਿੰਸਾ ਦੇ ਕਾਰਨ ਪੂਰਬ ਉੱਤਰ ਦੇ ਸੂਬਿਆਂ ਦੀ ਯਾਤਰਾ 'ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ।

ਟ੍ਰੈਵਲ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿਚ ਜਬਰ ਜਨਾਹ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਅਪਰਾਧਾਂ ਵਿੱਚੋਂ ਇੱਕ ਹੈ, ਜਿਵੇਂ ਕਿ ਭਾਰਤੀ ਅਧਿਕਾਰੀਆਂ ਦੁਆਰਾ ਰਿਪੋਰਟ ਦਿੱਤੀ ਗਈ ਹੈ। ਯੌਨ ਹਿੰਸਾ ਜਿਹੇ ਅਪਰਾਧ ਸੈਲਾਨੀ ਸਥਾਨਾਂ ਤੇ ਹੋਰ ਸਥਾਨਾਂ 'ਤੇ ਹੋਏ ਹਨ। ਅੱਤਵਾਦੀ ਕਦੇ ਵੀ ਹਮਲਾ ਕਰ ਸਕਦੇ ਹਨ। ਉਹ ਸੈਲਾਨੀ ਸਥਾਨਾਂ, ਆਵਾਜਾਈ ਕੇਂਦਰਾਂ, ਬਾਜ਼ਾਰਾਂ, ਸ਼ਾਪਿੰਗ ਮਾਲਜ਼ ਤੇ ਸਰਕਾਰੀ ਕੰਪਲੈਕਸਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਸਰਕਾਰ ਕੋਲ ਪੇਂਡੂ ਖੇਤਰਾਂ ਵਿੱਚ ਅਮਰੀਕੀ ਨਾਗਰਿਕਾਂ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਦੀ ਸੀਮਤ ਸਮਰੱਥਾ ਹੈ। ਇਹ ਖੇਤਰ ਪੂਰਬੀ ਮਹਾਰਾਸ਼ਟਰ ਅਤੇ ਉੱਤਰੀ ਤੇਲੰਗਾਨਾ ਤੋਂ ਪੱਛਮੀ ਪੱਛਮੀ ਬੰਗਾਲ ਤੱਕ ਫੈਲੇ ਹੋਏ ਹਨ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਇਨ੍ਹਾਂ ਖੇਤਰਾਂ 'ਚ ਯਾਤਰਾ ਕਰਨ ਲਈ ਵਿਸ਼ੇਸ਼ ਇਜਾਜ਼ਤ ਲੈਣੀ ਹੋਵੇਗੀ।


author

Baljit Singh

Content Editor

Related News