ਭਾਰਤੀ ਕੁੜੀ ਦਾ ਸੁਪਨਾ ਹੋਇਆ ਪੂਰਾ, ਕਰੇਗੀ ਨਾਸਾ ਦੀ ਸੈਰ

12/23/2019 2:15:18 PM

ਵਾਸ਼ਿੰਗਟਨ/ਨਵੀਂ ਦਿੱਲੀ: ਕਿਸੇ ਨੇ ਸੱਚ ਕਿਹਾ ਹੈ ਕਿ ਲਗਨ ਸੱਚੀ ਹੋਵੇ ਤਾਂ ਸਫਲਤਾ ਜ਼ਰੂਰ ਹਾਸਲ ਹੁੰਦੀ ਹੈ। ਅਜਿਹੀ ਹੀ ਸਫਲਤਾ ਤਾਮਿਲਨਾਡੂ ਵਿਚ ਰਹਿੰਦੀ ਕੇ. ਜੈਲਕਸ਼ਮੀ ਨੂੰ ਹਾਸਲ ਹੋਈ ਹੈ। ਕਾਜੂ ਵੇਚ ਕੇ ਘਰ ਚਲਾਉਣ ਵਾਲੀ ਕੇ. ਜੈਲਕਸ਼ਮੀ ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ ਜਾਣ ਦਾ ਸੁਪਨਾ ਪੂਰਾ ਕਰ ਸਕੇਗੀ। ਇਕ ਆਨਲਾਈਨ ਪ੍ਰੀਖਿਆ ਵਿਚ ਨਾਸਾ ਜਾਣ ਦਾ ਮੌਕਾ ਜਿੱਤਣ ਵਾਲੀ ਜੈਲਕਸ਼ਮੀ ਦਾ ਸੁਪਨਾ ਪੂਰਾ ਕਰਨ ਲਈ ਲੋਕਾਂ ਨੇ ਚੰਦੇ ਦੇ ਜ਼ਰੀਏ ਟਿਕਟ ਖਰੀਦਣ ਦੀ ਰਾਸ਼ੀ ਇਕੱਠੀ ਕਰ ਲਈ ਹੈ। ਉਸ ਨੇ ਮਈ 2020 ਵਿਚ ਨਾਸਾ ਜਾਣਾ ਹੈ। ਇੰਨਾ ਹੀ ਨਹੀਂ ਹੁਣ ਉਸ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਿਚ ਜਾਣ ਦਾ ਮੌਕਾ ਮਿਲੇਗਾ। ਅਦਾਨਾਕੋਟੱਈ ਦੇ ਸਰਕਾਰੀ ਸਕੂਲ ਦੀ 11ਵੀਂ ਜਮਾਤ ਵਿਚ ਵਿਗਿਆਨ ਦੀ ਵਿਦਿਆਰਥਣ ਜੈਲਕਸ਼ਮੀ ਨੂੰ ਨਾਸਾ ਜਾਣ ਲਈ ਚੱਲ ਰਹੀ ਆਨਲਾਈਨ ਪ੍ਰੀਖਿਆ ਦੀ ਜਾਣਕਾਰੀ ਮਿਲਣ ਦੀ ਕਹਾਣੀ ਵੀ ਅਨੋਖੀ ਹੈ।

ਜੈਲਕਸ਼ਮੀ ਮੁਤਾਬਕ,''ਮੈਂ ਇਕ ਕੈਰਮ ਮੈਚ ਦਾ ਅਭਿਆਸ ਕਰ ਰਹੀ ਸੀ। ਇਸ ਦੌਰਾਨ ਸਾਹਮਣੇ ਬੋਰਡ 'ਤੇ ਅਖਬਾਰ ਵਿਚੋਂ ਕੱਟ ਕੇ ਲਗਾਈ ਗਈ ਖਬਰ ਵਿਚ ਧਾਨਯ ਥਾਸਨੇਮ ਦੀ ਕਹਾਣੀ ਪੜ੍ਹੀ। ਥਾਸਨੇਮ ਨੇ ਪਿਛਲੇ ਸਾਲ ਨਾਸਾ ਜਾਣ ਦਾ ਮੌਕਾ ਜਿੱਤਿਆ ਸੀ। ਮੈਨੂੰ ਇਸ ਕਹਾਣੀ ਤੋਂ ਬਹੁਤ ਪ੍ਰੇਰਨਾ ਮਿਲੀ ਅਤੇ ਮੈਂ ਤੁਰੰਤ ਇਸ ਆਨਲਾਈਨ ਪ੍ਰੀਖਿਆ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਪਰ ਮੈਂ ਅੰਗਰੇਜ਼ੀ ਨਹੀਂ ਜਾਣਦੀ ਸੀ। ਕਰੀਬ ਇਕ ਮਹੀਨੇ ਤਕ ਦਿਨ-ਰਾਤ ਅੰਗਰੇਜ਼ੀ ਦਾ ਅਧਿਐਨ ਕੀਤਾ ਅਤੇ ਪ੍ਰੀਖਿਆ ਵਿਚ ਗ੍ਰੇਡ-2 ਲਿਆ ਕੇ ਨਾਸਾ ਜਾਣ ਦਾ ਮੌਕਾ ਜਿੱਤਿਆ।''

ਇੰਝ ਲਕਸ਼ਮੀ ਨੂੰ ਨਾਸਾ ਜਾਣ ਦਾ ਮੌਕਾ ਤਾਂ ਮਿਲਿਆ ਪਰ ਵੱਡੀ ਚੁਣੌਤੀ 1.69 ਲੱਖ ਰੁਪਏ ਜੁਟਾਉਣ ਦੀ ਸੀ। ਇਹ ਰਾਸ਼ੀ ਉਸ ਨੇ 27 ਦਸੰਬਰ ਤੱਕ ਜਮਾਂ ਕਰਵਾਉਣੀ ਸੀ। ਜੈਲਕਸ਼ਮੀ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਲਈ ਅਪੀਲ ਕੀਤੀ ਅਤੇ ਪੁਟੁਕੋਟੈ ਦੀ ਜ਼ਿਲਾ ਅਧਿਕਾਰੀ ਪੀ. ਉਮਾ ਮਾਹੇਸ਼ਵਰੀ ਨੂੰ ਮਿਲ ਕੇ ਉਹਨਾਂ ਨੂੰ ਮਦਦ ਦੀ ਅਪੀਲ ਕੀਤੀ। ਜੈਲਕਸ਼ਮੀ ਮੁਤਾਬਕ ਉਸ ਦੇ ਪਿਤਾ ਪਰਿਵਾਰ ਨਾਲੋਂ ਵੱਖਰੇ ਰਹਿੰਦੇ ਹਨ ਅਤੇ ਕਦੇ-ਕਦੇ ਹੀ ਪੈਸੇ ਭੇਜਦੇ ਹਨ। ਉਸ ਦੇ ਟੀਚਰਾਂ ਅਤੇ ਸਾਥੀ ਵਿਦਿਆਰਥੀਆਂ ਨੇ ਪਾਸਪੋਰਟ ਲਈ ਰਾਸ਼ੀ ਜਮਾਂ ਕੀਤੀ। ਪਾਸਪੋਰਟ ਅਧਿਕਾਰੀ ਨੇ ਵੀ 500 ਰੁਪਏ ਦੀ ਮਦਦ ਕੀਤੀ। ਇਸ ਦੇ ਬਾਅਦ ਜ਼ਿਲਾ ਅਧਿਕਾਰੀ ਦੀ ਅਪੀਲ 'ਤੇ ਓ.ਐੱਨ.ਜੀ.ਸੀ. ਦੇ ਕਰਮਚਾਰੀਆਂ ਨੇ ਆਪਣੀ ਤਨਖਾਹ ਵਿਚੋਂ 65 ਹਜ਼ਾਰ ਰੁਪਏ ਦਾ ਚੰਦਾ ਉਸ ਲਈ ਜਮਾਂ ਕੀਤਾ।

ਸੋਸ਼ਲ ਮੀਡੀਆ 'ਤੇ ਕੀਤੀ ਗਈ ਅਪੀਲ ਦੇ ਜ਼ਰੀਏ ਵੀ ਲੋਕ ਉਸ ਦੀ ਮਦਦ ਲਈ ਅੱਗੇ ਆਏ ਅਤੇ ਆਖਿਰਕਾਰ ਉਹ ਪੂਰੀ ਰਾਸ਼ੀ ਇਕੱਠੀ ਕਰਨ ਵਿਚ ਸਫਲ ਹੋ ਸਕੀ। ਜੈਲਕਸ਼ਮੀ ਨੂੰ ਇਕ ਹੋਰ ਖੁਸ਼ਖਬਰੀ ਉਦੋਂ ਮਿਲੀ ਜਦੋਂ ਇਸਰੋ ਦੇ ਸਾਬਕਾ ਵਿਗਿਆਨੀ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਐੱਮ. ਅੰਨਾਦੁਰਈ ਨੇ ਉਸ ਨੂੰ ਇਸਰੋ ਦਾ ਦੌਰਾ ਕਰਾਉਣ ਦਾ ਵਾਅਦਾ ਕੀਤਾ ਜਿੱਥੇ ਉਹ ਵਿਗਿਆਨੀਆਂ ਨਾਲ ਮਿਲ ਕੇ ਰਾਕੇਟ ਦੇ ਉਡਣ ਦੀ ਪ੍ਰਕਿਰਿਆ ਸਮਝ ਸਕੇਗੀ।

ਜੈਲਕਸ਼ਮੀ ਦਾ ਘਰ ਪਿਛਲੇ ਸਾਲ ਤਾਮਿਲਨਾਡੂ ਵਿਚ ਆਏ ਗਾਜ਼ਾ ਚੱਕਰਵਾਤ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਦੋਂ ਤੋਂ ਉਸ ਦੇ ਘਰ ਵਿਚ ਬਿਜਲੀ ਨਹੀਂ ਹੈ। ਇੰਨਾ ਹੀ ਨਹੀਂ ਉਹ ਆਪਣੇ ਪਰਿਵਾਰ ਦੀ ਇਕਲੌਤੀ ਕਮਾਉਣ ਵਾਲੀ ਮੈਂਬਰ ਹੈ। ਉਹ ਕਾਜੂ ਵੇਚਣ ਦੇ ਇਲਾਵਾ 8ਵੀਂ ਅਤੇ 9ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾ ਕੇ ਆਪਣੀ ਪੜ੍ਹਾਈ ਅਤੇ ਘਰ ਦਾ ਖਰਚ ਪੂਰਾ ਕਰਦੀ ਹੈ। ਨਾਲ ਹੀ ਆਪਣੀ ਮਾਂ ਅਤੇ ਮਾਨਸਿਕ ਰੂਪ ਨਾਲ ਬੀਮਾਰ ਛੋਟੇ ਭਰਾ ਦਾ ਇਲਾਜ ਕਰਵਾਉਂਦੀ ਹੈ। ਜੈਲਕਸ਼ਮੀ ਦਾ ਸੁਪਨਾ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁੱਲ ਕਲਾਮ ਦੀ ਤਰ੍ਹਾਂ ਵਿਗਿਆਨਕ ਬਣ ਕੇ ਰਾਕੇਟ ਬਣਾਉਣ ਦਾ ਹੈ। ਮਿਜ਼ਾਈਲਮੈਨ ਕਲਾਮ ਨੂੰ ਆਦਰਸ਼ ਮੰਨਣ ਵਾਲੀ ਜੈਲਕਸ਼ਮੀ ਨੂੰ ਲੱਗਦਾ ਹੈ ਕਿ ਉਸ ਦੀ ਸਫਲਤਾ ਨਾਲ ਹੋਰ ਬੱਚਿਆਂ ਨੂੰ ਵੀ ਪ੍ਰੇਰਨਾ ਮਿਲੇਗੀ।


Vandana

Content Editor

Related News