ਇਸ ਵਾਰ ਅਮਰਨਾਥ ਯਾਤਰੀਆਂ ਨੂੰ ਮਿਲ ਰਹੀਆਂ ਹਨ ਇਹ ਖ਼ਾਸ ਸਹੂਲਤਾਂ
Sunday, Mar 21, 2021 - 01:00 PM (IST)
ਨੈਸ਼ਨਲ ਡੈਸਕ- ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਜੰਮੂ ਕਸ਼ਮੀਰ ਪ੍ਰਸ਼ਾਸਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 56 ਦਿਨਾਂ ਤੱਕ ਚੱਲਣ ਵਾਲੀ ਯਾਤਰਾ ਲਈ ਸ਼ਰਧਾਲੂ ਇਕ ਅਪ੍ਰੈਲ ਤੋਂ ਰਜਿਸਟਰੇਸ਼ਨ ਕਰਵਾ ਸਕਣਗੇ। ਇਸ ਵਾਰ ਖ਼ਾਸ ਗੱਲ ਇਹ ਹੈ ਕਿ ਯਾਤਰੀ ਆਮ ਰਜਿਸਟਰੇਸ਼ਨ ਤੋਂ ਇਲਾਵਾ ਗਰੁੱਪ ਰਜਿਸਟਰੇਸ਼ਨ ਵੀ ਕਰਵਾ ਸਕਣਗੇ। ਇਹ ਸਹੂਲਤ ਯਾਤਰਾ ਦੇ ਦੋਵੇਂ ਮਾਰਗ ਬਾਲਟਾਲ ਅਤੇ ਪਹਿਲਗਾਮ ਲਈ ਉਪਲੱਬਧ ਹੋਵੇਗੀ।
ਇੱਥੇ ਜਾਣੋ ਕੀ ਹਨ ਨਿਯਮ
1- ਰਜਿਸਟਰੇਸ਼ਨ ਫੀਸ ਪ੍ਰਤੀ ਯਾਤਰੀ 200 ਰੁਪਏ ਰੱਖੀ ਗਈ ਹੈ।
2- ਪੋਸਟਲ ਤੋਂ ਵੇਰਵਾ ਭੇਜਣ 'ਤੇ ਵੱਖਰੇ ਤੌਰ 'ਤੇ ਦਰਾਂ ਤੈਅ ਕੀਤੀਆਂ ਗਈਆਂ ਹਨ।
3- ਗਰੁੱਪ ਰਜਿਸਟਰੇਸ਼ਨ ਲਈ ਸਮੂਹ ਦਾ ਲੀਡਰ ਹੋਰ ਸਾਥੀਆਂ ਦਾ ਵੇਰਵਾ ਦੇਵੇਗਾ।
4-13 ਸਾਲ ਤੋਂ ਘੱਟ ਅਤੇ 75 ਸਾਲ ਤੋਂ ਵੱਧ ਉਮਰ ਵਰਗ ਦੇ ਯਾਤਰੀ ਰਜਿਸਟਰੇਸ਼ਨ ਲਈ ਯੋਗ ਨਹੀਂ ਹੋਣਗੇ।
5- ਗਰੁੱਪ ਰਜਿਸਟਰੇਸ਼ਨ ਲਈ ਜ਼ਰੂਰੀ ਸਿਹਤ ਪ੍ਰਮਾਣ ਪੱਤਰ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ ’ਚ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ, ਭਗਤ ਤੋੜ ਸਕਦੇ ਨੇ ਰਿਕਾਰਡ
ਪੋਸਟਲ ਜਾਂ ਡਾਕ ਰਾਹੀਂ ਵੇਰਵਾ ਭੇਜਣ 'ਤੇ ਲੱਗੀ ਵੱਖ ਫ਼ੀਸ
ਇਸ ਦੇ ਨਾਲ ਹੀ ਪੋਸਟਲ ਜਾਂ ਡਾਕ ਰਾਹੀਂ ਵੇਰਵੇ ਭੇਜਣ 'ਤੇ ਯਾਤਰੀਆਂ ਤੋਂ ਵੱਖ ਫੀਸ ਲਈ ਜਾਵੇਗੀ। ਪੋਸਟਲ ਫੀਸ 'ਚ 1 ਤੋਂ 5 ਮੈਂਬਰਾਂ ਲਈ 50 ਰੁਪਏ, 6 ਤੋਂ 10 ਲਈ 100 ਰੁਪਏ, 11 ਤੋਂ 15 ਲਈ 150 ਰੁਪਏ, 16 ਤੋਂ 20 ਲਈ 200 ਰੁਪਏ, 21 ਤੋਂ 25 ਲਈ 250 ਰੁਪਏ ਅਤੇ 26 ਤੋਂ 30 ਲਈ 300 ਰੁਪਏ ਰੱਖਿਆ ਗਿਆ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਬੋਰਡ ਨੇ ਇਸ ਸਾਲ 28 ਜੂਨ ਤੋਂ ਦੋਹਾਂ ਮਾਰਗਾਂ- ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ 'ਚ 46 ਕਿਲੋਮੀਟਰ ਲੰਬੇ ਰਵਾਇਤੀ ਮਾਰਗ ਅਤੇ ਗੰਦੇਰਬਲ ਜ਼ਿਲ੍ਹੇ ਦੇ ਬਾਲਟਾਲ 'ਚ 12 ਕਿਲੋਮੀਟਰ ਲੰਬੇ ਰਸਤੇ ਤੋਂ ਇਕੱਠੇ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਬੈਟਰੀ ਨਾਲ ਚੱਲਣ ਵਾਲੀ ਕਾਰ ਦੀ ਸੇਵਾ ਮੁਫ਼ਤ ਉਪਲੱਬਧ
ਅਮਰਨਾਥ ਯਾਤਰਾ ਸ਼ਰਾਈਨ ਬੋਰਡ ਅਨੁਸਾਰ ਯਾਤਰੀਆਂ ਦੀ ਰੋਜ਼ਾਨਾ ਗਿਣਤੀ 7500 ਤੋਂ ਵਧਾ ਕੇ 10 ਹਜ਼ਾਰ ਕਰਨ ਦਾ ਵੀ ਫ਼ੈਸਲਾ ਲਿਆ ਹੈ। ਇਨ੍ਹਾਂ 'ਚ ਹੈਲੀਕਾਪਟਰਾਂ 'ਤੇ ਯਾਤਰਾ ਕਰਨ ਵਾਲੇ ਯਾਤਰੀ ਸ਼ਾਮਲ ਨਹੀਂ ਹੋਣਗੇ। ਬੁਲਾਰੇ ਨੇ ਕਿਹਾ ਕਿ ਇਸ ਸਾਲ ਦੀ ਯਾਤਰਾ ਦੀ ਖ਼ਾਸ ਗੱਲ ਬਾਲਟਾਲ ਤੋਂ ਡੋਮੇਲ ਵਿਚਾਲੇ 2.75 ਕਿਲੋਮੀਟਰ ਲੰਬੇ ਹਿੱਸੇ 'ਚ ਆਵਾਜਾਈ ਲਈ ਬੈਟਰੀ ਨਾਲ ਚੱਲਣ ਵਾਲੀ ਕਾਰ ਦੀ ਸੇਵਾ ਮੁਫ਼ਤ ਉਪਲੱਬਧ ਕਰਵਾਉਣਾ ਹੈ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ 'ਤੇ ਕੋਈ ਖ਼ਤਰਾ ਨਹੀਂ, ਸੁਰੱਖਿਆ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ : DGP