ਅਮਰਨਾਥ ਯਾਤਰਾ : ਅੱਜ ਤੋਂ ਦੇਸ਼ ਭਰ ’ਚ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਸ਼ੁਰੂ
Monday, Apr 11, 2022 - 11:52 AM (IST)
ਜੰਮੂ, (ਕਮਲ)– ਅਮਰਨਾਥ ਯਾਤਰਾ 2022 ਲਈ 11 ਅਪ੍ਰੈਲ ਯਾਨੀ ਅੱਜ ਤੋਂ ਦੇਸ਼ ਭਰ ਵਿਚ ਵੱਖ-ਵੱਖ ਬੈਂਕਾਂ ਦੀਆਂ 446 ਬ੍ਰਾਂਚਾਂ ਵਿਚ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਇਸ ਸਾਲ 43 ਦਿਨਾਂ ਦੀ ਯਾਤਰਾ ਲਈ ਦੇਸ਼ ਭਰ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ, ਜੰਮੂ-ਕਸ਼ਮੀਰ ਬੈਂਕ ਅਤੇ ਯੈੱਸ ਬੈਂਕ ਦੀਆਂ 446 ਬ੍ਰਾਂਚਾਂ ਵਿਚ ਪੇਸ਼ਗੀ ਯਾਤਰੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋਵੇਗੀ।
ਅਮਰਨਾਥ ਸ਼ਰਧਾਲੂਆਂ ਨੂੰ ਜੰਮੂ-ਕਸ਼ਮੀਰ ਵਿਚ ਪੰਜਾਬ ਨੈਸ਼ਨਲ ਬੈਂਕ ਦੀਆਂ ਬ੍ਰਾਂਚਾਂ ਜਿਨ੍ਹਾਂ ਵਿਚ ਪੀ. ਐੱਨ. ਬੀ. ਰਿਹਾੜੀ ਚੌਕ, ਪੀ. ਐੱਨ. ਬੀ. ਅਖਨੂਰ, ਪੀ. ਐੱਨ. ਬੀ. ਕਾਲਜ ਰੋਡ ਕਠੁਆ, ਪੀ. ਐੱਨ. ਬੀ. ਹੋਟਲ ਅੰਬਿਕਾ ਕੱਟੜਾ, ਪੀ. ਐੱਨ. ਬੀ. ਮੇਨ ਬਾਜ਼ਾਰ ਰਿਆਸੀ ਅਤੇ ਪੀ. ਐੱਨ. ਪੀ. ਸਾਂਬਾ ਵਿਚ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਬੈਂਕ ਦੀਆਂ ਸ਼ਾਖਾਵਾਂ ਜਿਨ੍ਹਾਂ ਵਿਚ ਜੇ. ਐਂਡ ਕੇ. ਬੈਂਕ ਡੋਡਾ, ਜੇ. ਐਂਡ ਕੇ. ਬੈਂਕ ਬਖਸ਼ੀ ਨਗਰ, ਜੇ. ਐਂਡ ਕੇ. ਬੈਂਕ ਗਾਂਧੀਨਗਰ, ਜੇ. ਐਂਡ ਕੇ. ਬੈਂਕ ਟੂਰਿਸਟ ਰਿਸੈਪਸ਼ਨ ਸੈਂਟਰ ਜੰਮੂ, ਜੇ. ਐਂਡ ਕੇ. ਬੈਂਕ ਬਿਲਾਵਰ ਕਠੁਆ, ਜੇ. ਐਂਡ ਕੇ. ਬੈਂਕ ਪੁੰਛ, ਜੇ. ਐਂਡ ਕੇ. ਬੈਂਕ ਰਾਮਨਾਗਰ, ਜੇ. ਐਂਡ ਕੇ. ਬੈਂਕ ਜਵਾਹਰ ਨਗਰ ਰਾਜੌਰੀ, ਜੇ. ਐਂਡ ਕੇ. ਬੈਂਕ ਕਰਣ ਨਗਰ ਸ਼੍ਰੀਨਗਰ, ਜੇ. ਐਂਡ ਕੇ. ਬੈਂਕ ਸ਼ਕਤੀਨਗਰ ਊਧਮਪੁਰ ਬ੍ਰਾਂਚਾਂ ਵਿਚ ਰਜਿਸਟ੍ਰੇਸ਼ਨ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਯਾਤਰਾ ਦੌਰਾਨ ਜੰਮੂ ਵਿਚ 3000 ਸ਼ਰਧਾਲੂਆਂ ਨੂੰ ਰੋਜ਼ਾਨਾ ਆਨਸਪਾਟ ਰਜਿਸਟ੍ਰੇਸ਼ਨ ਹੋਵੇਗੀ। ਇਸ ਵਾਰ ਵੀ ਅਮਰਨਾਥ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਲਈ ਸਿਹਤ ਪ੍ਰਮਾਣ ਪੱਤਰ ਜ਼ਰੂਰੀ ਹੋਵੇਗਾ। ਰਜਿਸਟ੍ਰੇਸ਼ਨ ਦੌਰਾਨ ਸਿਹਤ ਪੱਤਰ ਦਿਖਾਉਣੇ ਪੈਣਗੇ।