ਅਮਰਨਾਥ ਯਾਤਰਾ: ਇਸ ਉਮਰ ਤੱਕ ਦੇ ਸ਼ਰਧਾਲੂ ਹੀ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ

Saturday, May 28, 2022 - 01:53 PM (IST)

ਅਮਰਨਾਥ ਯਾਤਰਾ: ਇਸ ਉਮਰ ਤੱਕ ਦੇ ਸ਼ਰਧਾਲੂ ਹੀ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ

ਸ਼੍ਰੀਨਗਰ– ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਦੋ ਸਾਲ ਬੰਦ ਰਹਿਣ ਮਗਰੋਂ ਸਾਲਾਨਾ ਅਮਰਨਾਥ ਯਾਤਰਾ 2022 ਇਸ ਸਾਲ ਮੁੜ ਸ਼ੁਰੂ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਮਰਨਾਥ ਯਾਤਰਾ 30 ਜੂਨ ਨੂੰ ਸ਼ੁਰੂ ਹੋਵੇਗੀ ਅਤੇ 11 ਅਗਸਤ ਨੂੰ ਸਮਾਪਤ ਹੋਵੇਗੀ। ਅਮਰਨਾਥ ਸ਼ਰਾਈਨ ਬੋਰਡ ਨੇ ਯਾਤਰਾ ਨੂੰ ਲੈ ਕੇ ਨਿਯਮਾਂ ’ਚ ਕੁਝ ਬਦਲਾਅ ਕੀਤੇ ਹਨ। ਇਸ ਸਾਲ 75 ਸਾਲ ਦੀ ਬਜਾਏ 70 ਸਾਲ ਤੱਕ ਦੀ ਉਮਰ ਦੇ ਲੋਕ ਹੀ ਬਾਬਾ ਬਰਫ਼ਬਾਨੀ ਦੇ ਦਰਸ਼ਨ ਕਰ ਸਕਣਗੇ। 

ਇਸ ਬਾਬਤ ਸ਼ਰਾਈਨ ਬੋਰਡ ਨੇ ਬੈਂਕਾਂ ਨੂੰ ਨਿਰਦੇਸ਼ ਭੇਜੇ ਹਨ, ਜਿਸ ’ਚ ਕਿਹਾ ਗਿਆ ਹੈ ਕਿ 13 ਤੋਂ 70 ਸਾਲ ਤੱਕ ਦੀ ਉਮਰ ਦੇ ਲੋਕਾਂ ਦੀ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ। ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਫ਼ੀਸ ਵੀ ਇਸ ਵਾਰ 100 ਤੋਂ ਵਧਾ ਕੇ 120 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 6 ਹਫ਼ਤੇ ਤੋਂ ਵੱਧ ਦੀਆਂ ਗਰਭਵਤੀ ਔਰਤਾਂ ਨੂੰ ਵੀ ਯਾਤਰਾ ਦੀ ਆਗਿਆ ਨਹੀਂ ਹੋਵੇਗੀ। ਹੈਲਥ ਸਰਟੀਫਿਕੇਟ ਅਤੇ ਆਧਾਰ ਵੀ ਜ਼ਰੂਰੀ ਹੋਵੇਗਾ।

ਦੱਸ ਦੇਈਏ ਕਿ ਹੁਣ ਅਮਰਨਾਥ ਯਾਤਰਾ ਲਈ 'ਯਾਤਰੀ' ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 11 ਅਪ੍ਰੈਲ ਨੂੰ ਸ਼ੁਰੂ ਹੋਈ ਹੋ ਚੁੱਕੀ ਅਤੇ ਇਹ 30 ਜੂਨ ਤੱਕ ਜਾਰੀ ਰਹੇਗੀ। ਸ਼ਰਾਈਨ ਬੋਰਡ ਨੇ ਆਨਲਾਈਨ ਰਜਿਸਟ੍ਰੇਸ਼ਨ ਦੀ ਵਿਵਸਥਾ ਕੀਤੀ ਹੈ। JKasb.nic.in ’ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਸ਼ਰਾਈਨ ਬੋਰਡ ਨੇ ਕਿਹਾ ਕਿ ਸਾਨੂੰ 3 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਕੋਵਿਡ-19 ਮਹਾਮਾਰੀ ਕਾਰਨ 2020 ਅਤੇ 2021 ਵਿਚ ਅਮਰਨਾਥ ਯਾਤਰਾ ਨਹੀਂ ਹੋ ਸਕੀ। 2019 ਵਿਚ ਵੀ ਯਾਤਰਾ ਨੂੰ 5 ਅਗਸਤ ਤੋਂ ਕੁਝ ਦਿਨ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਸੀ। ਜਦੋਂ ਕੇਂਦਰ ਨੇ ਧਾਰਾ 370 ਨੂੰ ਰੱਦ ਕਰ ਦਿੱਤਾ ਸੀ ਅਤੇ ਜੰਮੂ ਅਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰ ਕੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਸੀ।
 


author

Tanu

Content Editor

Related News