ਸ਼੍ਰੀ ਅਮਰਨਾਥ ਯਾਤਰਾ : 225 ਵਾਹਨਾਂ ’ਚ 6216 ਸ਼ਰਧਾਲੂ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ

Tuesday, Jul 18, 2023 - 05:49 PM (IST)

ਸ਼੍ਰੀ ਅਮਰਨਾਥ ਯਾਤਰਾ : 225 ਵਾਹਨਾਂ ’ਚ 6216 ਸ਼ਰਧਾਲੂ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ

ਜੰਮੂ (ਕਮਲ)- ਸ਼੍ਰੀ ਅਮਰਨਾਥ ਦੀ ਸਾਲਾਨਾ ਯਾਤਰਾ ਲਈ ਸੋਮਵਾਰ ਸਵੇਰੇ ਜੰਮੂ ਦੇ ਬੇਸ ਕੈਂਪ ਯਾਤਰੀ ਨਿਵਾਸ ਭਗਵਤੀ ਨਗਰ ਤੋਂ 6216 ਸ਼ਰਧਾਲੂਆਂ ਦਾ 15ਵਾਂ ਜਥਾ ਪਹਿਲਗਾਮ ਅਤੇ ਬਾਲਟਾਲ ਬੇਸ ਕੈਂਪਾਂ ਵੱਲ ਰਵਾਨਾ ਹੋਇਆ। ਰਵਾਨਾ ਹੋਏ ਜਥੇ ’ਚ 3052 ਸ਼ਰਧਾਲੂ ਬਾਲਟਾਲ ਦੇ ਰਸਤੇ ਅਤੇ 3164 ਸ਼ਰਧਾਲੂ ਪਹਿਲਗਾਮ ਦੇ ਰਸਤੇ ਰਾਹੀਂ ਯਾਤਰਾ ਕਰਨਗੇ। ਪਹਿਲਗਾਮ ਲਈ ਭੇਜੇ ਗਏ ਜਥੇ ’ਚ 1818 ਪੁਰਸ਼, 1224 ਔਰਤਾਂ ਅਤੇ 10 ਬੱਚੇ ਸ਼ਾਮਲ ਸਨ, ਜਦੋਂ ਕਿ ਬਾਲਟਾਲ ਭੇਜੇ ਗਏ ਜਥੇ ’ਚ 2386 ਪੁਰਸ਼, 647 ਔਰਤਾਂ , 6 ਬੱਚੇ, 78 ਸਾਧੂ ਅਤੇ 47 ਦੇ ਕਰੀਬ ਸਾਧਵੀਆਂ ਸ਼ਾਮਲ ਸਨ।

14 ਦਿਨਾਂ ’ਚ ਢਾਈ ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

ਜੰਮੂ ਤੋਂ ਕੁੱਲ 225 ਵਾਹਨਾਂ ’ਚ ਜਥੇ ਨੂੰ ਸੀ. ਆਰ. ਪੀ. ਐੱਫ. ਦੀ ਸਖ਼ਤ ਸੁਰੱਖਿਆ ਦਰਮਿਆਨ ਬਾਲਟਾਲ ਅਤੇ ਪਹਿਲਗਾਮ-ਚੰਦਨਵਾੜੀ ਰਸਤੇ ਲਈ ਰਵਾਨਾ ਕੀਤਾ ਗਿਆ। ਉੱਥੇ ਹੀ ਹੁਣ ਤੱਕ ਢਾਈ ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਸਿਰਫ਼ 14 ਦਿਨਾਂ ’ਚ ਸ਼ਰਧਾਲੂਆਂ ਦੀ ਗਿਣਤੀ ਢਾਈ ਲੱਖ ਤੋਂ ਪਾਰ ਹੋਣਾ ਸ਼ੁੱਭ ਸੰਕੇਤ ਮੰਨਿਆ ਜਾ ਰਿਹਾ ਹੈ। ਜਿਸ ਰਫ਼ਤਾਰ ਨਾਲ ਪੂਰੇ ਦੇਸ਼ ਤੋਂ ਲੋਕ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆ ਰਹੇ ਹਨ, ਉਸ ਤੋਂ ਲੱਗ ਰਿਹਾ ਹੈ ਕਿ ਅਗਲੇ ਹਫ਼ਤੇ ਤੱਕ ਯਾਤਰਾ 3 ਲੱਖ ਤੋਂ ਵੱਧ ਦਾ ਅੰਕੜਾ ਪਾਰ ਕਰ ਜਾਵੇਗੀ।

ਆਨ ਸਪਾਟ ਰਜਿਸਟ੍ਰੇਸ਼ਨ ਕਰਵਾਉਣ ਲਈ ਉਮੜ ਰਹੀ ਭੀੜ

ਯਾਤਰਾ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਅਤੇ ਸਾਧੂ ਜੰਮੂ ਪਹੁੰਚ ਰਹੇ ਹਨ। ਜੰਮੂ ’ਚ ਆਨ ਸਪਾਟ ਰਜਿਸਟ੍ਰੇਸ਼ਨ ਕਰਵਾਉਣ ਲਈ ਸ਼ਰਧਾਲੂਆਂ ਦੀ ਭੀੜ ਉਮੜ ਰਹੀ ਹੈ। ਵੱਡੀ ਗਿਣਤੀ ’ਚ ਅਜਿਹੇ ਸ਼ਰਧਾਲੂ ਜੰਮੂ ਪਹੁੰਚ ਰਹੇ ਹਨ, ਜਿਨ੍ਹਾਂ ਨੇ ਐਡਵਾਂਸ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ ਅਤੇ ਜੰਮੂ ’ਚ ਕਰੰਟ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਜੰਮੂ ਦੇ ਮਹਾਜਨ ਹਾਲ ’ਚ ਬਣਾਏ ਗਏ ਰਜਿਸਟ੍ਰੇਸ਼ਨ ਸੈਂਟਰ ’ਚ ਲੋਕ ਸੋਮਵਾਰ ਨੂੰ ਅੱਤ ਦੀ ਗਰਮੀ ਦੇ ਬਾਵਜੂਦ ਰਜਿਸਟ੍ਰੇਸ਼ਨ ਕਰਾਉਣ ਲਈ ਲੰਮੀਆਂ-ਲੰਮੀਆਂ ਲਾਈਨਾਂ ’ਚ ਲੱਗੇ ਰਹੇ। ਬਮ-ਬਮ ਭੋਲ਼ੇ ਦੇ ਜੈਕਾਰੇ ਲਾਉਂਦੇ ਸ਼ਰਧਾਲੂਆਂ ਦਾ ਉਤਸ਼ਾਹ ਵੇਖਦੇ ਹੀ ਬਣ ਰਿਹਾ ਸੀ।


 


author

Tanu

Content Editor

Related News