ਪਿਓ ਦੇ ਤੁਰ ਜਾਣ 'ਤੇ ਛੱਡ ਦਿੱਤੀ ਸੀ ਪੜ੍ਹਾਈ, ਹੁਣ ਅੱਲੂ ਅਰਜਨ ਦੀ ਮਦਦ ਨਾਲ ਸੁਫ਼ਨੇ ਨੂੰ ਮਿਲੇਗੀ ਨਵੀਂ ਉਡਾਣ
Friday, Nov 11, 2022 - 03:37 PM (IST)
ਅਲਾਪੁਝਾ (ਭਾਸ਼ਾ)- ਦੱਖਣ ਭਾਰਤੀ ਅਦਾਕਾਰ ਅੱਲੂ ਅਰਜੁਨ ਨੇ ਕੇਰਲ ਦੀ ਹੋਣਹਾਰ ਵਿਦਿਆਰਥਣ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ। 'ਪੁਸ਼ਪਾ' ਅਦਾਕਾਰ ਨੇ ਨਰਸਿੰਗ ਦੀ ਪੜ੍ਹਾਈ ਲਈ ਸੰਘਰਸ਼ ਕਰ ਰਹੀ ਇਕ ਵਿਦਿਆਰਥਣ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਸ ਦੀ 4 ਸਾਲ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣਗੇ। ਅਲਾਪੁਝਾ ਜ਼ਿਲ੍ਹਾ ਮੈਜਿਸਟਰੇਟ ਵੀ.ਆਰ. ਕ੍ਰਿਸ਼ਨਾ ਤੇਜਾ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ 'ਚ ਅਰਜੁਨ ਦੇ ਇਸ ਨੇਕ ਕੰਮ ਦੀ ਜਾਣਕਾਰੀ ਦਿੱਤੀ ਹੈ। ਵੀਰਵਾਰ ਨੂੰ ਕੀਤੀ ਇਕ ਪੋਸਟ 'ਚ ਜ਼ਿਲ੍ਹਾ ਮੈਜਿਸਟਰੇਟ ਨੇ ਵਿਸਥਾਰ 'ਚ ਦੱਸਿਆ ਕਿ ਕਿਵੇਂ ਵਿਦਿਆਰਥਣ (ਮੁਸਲਿਮ ਕੁੜੀ) ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਪੜ੍ਹਾਈ ਜਾਰੀ ਰੱਖਣ 'ਚ ਮਦਦ ਮੰਗੀ ਸੀ। ਵਿਦਿਆਰਥਣ ਨੇ ਆਪਣੀ 12ਵੀਂ ਦੀ ਪ੍ਰੀਖਿਆ 'ਚ 92 ਫੀਸਦੀ ਅੰਕ ਹਾਸਲ ਕੀਤੇ ਸਨ ਅਤੇ ਪਿਛਲੇ ਸਾਲ ਕੋਵਿਡ-19 ਕਾਰਨ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਾੜੀ ਆਰਥਿਕ ਸਥਿਤੀ ਕਾਰਨ ਉਹ ਆਪਣੀ ਪੜ੍ਹਾਈ ਜਾਰੀ ਨਹੀਂ ਰੱਖਣ 'ਚ ਸਮਰੱਥ ਨਹੀਂ ਸੀ। ਤੇਜਾ ਨੇ ਕਿਹਾ,“ਮੈਂ ਉਸ ਦੀਆਂ ਅੱਖਾਂ 'ਚ ਆਸ ਅਤੇ ਭਰੋਸਾ ਦੇਖਿਆ। ਇਸ ਲਈ ਅਸੀਂ ਉਸ ਨੂੰ ‘ਵੀ ਆਰ ਫਾਰ ਅਲੇਪੀ’ ਪ੍ਰਾਜੈਕਟ ਤਹਿਤ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਕਤਲ ਮਾਮਲੇ 'ਚ ਵੱਡੀ ਖ਼ਬਰ, ਦਿੱਲੀ ਪੁਲਸ ਨੇ ਕਾਬੂ ਕੀਤੇ 3 ਸ਼ੂਟਰ
ਕਿਉਂਕਿ ਕੁੜੀ ਨਰਸ ਬਣਨਾ ਚਾਹੁੰਦੀ ਸੀ ਤਾਂ ਅਧਿਕਾਰੀਆਂ ਨੇ ਕਈ ਕਾਲਜਾਂ ਨਾਲ ਸੰਪਰਕ ਕੀਤਾ ਅਤੇ ਆਖ਼ਰਕਾਰ ਉਸ ਨੂੰ ਜ਼ਿਲ੍ਹੇ 'ਚ ਇਕ ਨਿੱਜੀ ਕਾਲਜ 'ਚ ਦਾਖ਼ਲਾ ਮਿਲ ਗਿਆ। ਉਨ੍ਹਾਂ ਦੱਸਿਆ ਕਿ ਅਗਲੀ ਰੁਕਾਵਟ ਇਹ ਸੀ ਕਿ ਉਸ ਦੀ ਪੜ੍ਹਾਈ ਦਾ ਖਰਚ ਕੌਣ ਉਠਾਏਗਾ। ਆਂਧਰਾ ਪ੍ਰਦੇਸ਼ ਨਾਲ ਸੰਬੰਧ ਰੱਖਣ ਵਾਲੇ ਅਧਿਕਾਰ ਨੇ ਉਦੋਂ ਅਭਿਨੇਤਾ ਅੱਲੂ ਅਰਜਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਤੋਂ ਮਦਦ ਮੰਗੀ, ਜਿਸ 'ਤੇ ਉਹ ਤੁਰੰਤ ਤਿਆਰ ਹੋ ਗਏ। ਜ਼ਿਲ੍ਹਾ ਅਧਿਕਾਰੀ ਨੇ ਕਿਹਾ,''ਆਪਣੇ ਮਨਪਸੰਦ ਫਿਲਮ ਅਭਿਨੇਤਾ ਅੱਲੂ ਅਰਜੁਨ ਨਾਲ ਇਸ ਮੁੱਦੇ 'ਤੇ ਗੱਲ ਕੀਤੀ। ਉਨ੍ਹਾਂ ਨੇ ਜਿਵੇਂ ਹੀ ਮਾਮਲਾ ਸੁਣਿਆ, ਉਨ੍ਹਾਂ ਨੇ ਤੁਰੰਤ ਵਿਦਿਆਰਥਣ ਦੀ ਇਕ ਸਾਲ ਦੀ ਹੋਸਟਲ ਦੀ ਫ਼ੀਸ ਦੀ ਬਜਾਏ 4 ਸਾਲ ਦੀ ਫ਼ੀਸ ਸਮੇਤ ਪੜ੍ਹਾਈ ਦਾ ਸਾਰਾ ਖਰਚ ਉਠਾਉਣ ਦੀ ਹਾਮੀ ਭਰੀ।'' ਤੇਜਾ ਨੇ ਦੱਸਿਆ ਕਿ ਉਹ ਖ਼ੁਦ ਅਗਲੇ ਦਿਨ ਕੁੜੀ ਦੇ ਦਾਖ਼ਲੇ ਲਈ ਉਸ ਨਾਲ ਗਏ। ਉਨ੍ਹਾਂ ਕਿਹਾ,''ਮੈਨੂੰ ਭਰੋਸਾ ਹੈ ਕਿ ਉਹ ਚੰਗੀ ਪੜ੍ਹਾਈ ਕਰੇਗੀ ਅਤੇ ਭਵਿੱਖ 'ਚ ਅਜਿਹੀ ਨਰਸ ਬਣੇਗੀ ਜੋ ਆਪਣੇ ਭਰਾ-ਭੈਣਾਂ ਦੀ ਦੇਖਭਾਲ ਕਰੇਗੀ ਅਤੇ ਸਮਾਜ ਦੀ ਸੇਵਾ ਕਰੇਗੀ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ