ਗਠਜੋੜ ਨਾ ਹੋਣ ਦਾ ਕਾਰਨ ਕਾਂਗਰਸ ਦਾ ਅੜੀਅਲ ਰਵੱਈਆ : ''ਆਪ''

04/25/2019 10:08:50 AM

ਨਵੀਂ ਦਿੱਲੀ— ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਪਿਛਲੇ ਦੋ ਮਹੀਨਿਆਂ ਤੋਂ ਗਠਜੋੜ ਨੂੰ ਲੈ ਕੇ ਚੱਲ ਰਹੀ ਹਲਚਲ ਸੋਮਵਾਰ ਨੂੰ ਖਤਮ ਹੋ ਗਈ ਜਦ ਕਾਂਗਰਸ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ। ਓਧਰ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਵੀ ਨਾਮਜ਼ਦਗੀ ਪੱਤਰ ਭਰ ਦਿੱਤੇ। ਹਾਲਾਂਕਿ ਨਾਂ ਵਾਪਸ ਲੈਣ ਤਕ ਸਿਆਸਤ ਵਿਚ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਕਾਂਗਰਸ ਦੇ ਨਾਲ ਗਠਜੋੜ ਕਿਉਂ ਨਹੀਂ ਹੋ ਸਕਿਆ, ਇਸ 'ਤੇ 'ਆਪ' ਨੇਤਾਵਾਂ ਨੇ 3 ਕਾਰਨ ਗਿਣਾਏ ਹਨ ਜਿਨ੍ਹਾਂ ਵਿਚ ਪਹਿਲਾਂ ਕਾਂਗਰਸ ਸੂਬਾ ਪ੍ਰਧਾਨ ਸ਼ੀਲਾ ਦੀਕਸ਼ਿਤ ਦਾ ਗਠਜੋੜ ਤੋਂ ਇਨਕਾਰ, ਉਨ੍ਹਾਂ ਤੋਂ ਬਾਅਦ ਕਾਂਗਰਸ ਦੀਆਂ ਸ਼ਰਤਾਂ ਅਤੇ ਫਿਰ ਕਾਂਗਰਸ ਪ੍ਰਧਾਨ ਦਾ ਟਵੀਟ ਆਉਣ ਤੋਂ ਬਾਅਦ ਗਠਜੋੜ 'ਤੇ ਇਕ ਤਰ੍ਹਾਂ ਨਾਲ ਬ੍ਰੇਕ ਜਿਹੀ ਲੱਗ ਗਈ ਸੀ।

'ਆਪ' ਨੇਤਾਵਾਂ ਦਾ ਕਹਿਣਾ ਹੈ ਕਿ ਕਾਂਗਰਸ ਗਠਜੋੜ ਬਾਰੇ ਗੰਭੀਰ ਹੀ ਨਹੀਂ ਸੀ। ਪੰਜਾਬ, ਗੋਆ, ਦਿੱਲੀ, ਹਰਿਆਣਾ ਦੇ ਨਾਲ ਸ਼ੁਰੂ ਹੋਈ ਗੱਲਬਾਤ ਆਖਰ ਵਿਚ ਦਿੱਲੀ ਤੇ ਹਰਿਆਣਾ 'ਤੇ ਰੁਕ ਗਈ ਸੀ। 'ਆਪ' ਨੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ, ਗੋਆ ਨੂੰ ਵੱਖ ਰੱਖ ਕੇ ਪਾਰਟੀ ਦਿੱਲੀ, ਹਰਿਆਣਾ ਵਿਚ ਸਮਝੌਤੇ ਲਈ ਵੀ ਤਿਆਰ ਸੀ ਪਰ ਕਾਂਗਰਸ ਇਸ ਲਈ ਨਹੀਂ ਮੰਨੀ। 'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਗਠਜੋੜ 'ਤੇ ਕਾਂਗਰਸ ਦਾ ਇਰਾਦਾ ਹੀ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਦਿੱਲੀ ਵਿਚ ਕਿਤੇ ਨਹੀਂ ਹੈ। ਪੂਰੀ ਦਿੱਲੀ ਜਾਣਦੀ ਹੈ ਕਿ ਮੋਦੀ-ਸ਼ਾਹ ਦੀ ਜੋੜੀ ਨੂੰ ਦਿੱਲੀ ਵਿਚ ਸਿਰਫ 'ਆਪ' ਹੀ ਰੋਕ ਸਕਦੀ ਹੈ। ਸਿਸੋਦੀਆ ਦਾ ਕਹਿਣਾ ਹੈ ਕਿ ਦਿੱਲੀ ਵਿਚ ਸਾਨੂੰ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਵਾਰ-ਵਾਰ ਕਿਹਾ ਹੈ ਕਿ ਇਕੱਲੇ ਦਿੱਲੀ ਵਿਚ ਗਠਜੋੜ ਨਹੀਂ ਚਾਹੀਦਾ। ਆਸ-ਪਾਸ ਦੇ ਸੂਬਿਆਂ ਵਿਚ ਮਾਹੌਲ ਬਣਾਉਣ ਲਈ ਗਠਜੋੜ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਾਂਗਰਸ ਨੂੰ ਸਮਝ ਨਹੀਂ ਆਇਆ। ਇਹੀ ਕਾਰਨ ਹੈ ਕਿ ਪੰਜਾਬ, ਗੋਆ ਵਿਚ ਕਾਂਗਰਸ ਦੀ ਨਾਂਹ ਤੋਂ ਬਾਅਦ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੀਆਂ 18 ਸੀਟਾਂ 'ਤੇ ਗਠਜੋੜ ਦੀ ਕੋਸ਼ਿਸ਼ ਕੀਤੀ ਗਈ ਸੀ। ਓਧਰ 'ਆਪ' ਦੇ ਸੂਤਰਾਂ ਦਾ ਕਹਿਣਾ ਹੈ ਕਿ ਗਠਜੋੜ ਨਾ ਹੋਣ ਦਾ ਕਾਰਨ ਕਾਂਗਰਸ ਦਾ ਅੜੀਅਲ ਰਵੱਈਆ ਰਿਹਾ ਹੈ। ਪਹਿਲਾਂ ਤਾਂ ਡੇਢ ਮਹੀਨੇ ਤਕ ਕਾਂਗਰਸ ਸੂਬਾ ਪ੍ਰਧਾਨ ਸ਼ੀਲਾ ਦੀਕਸ਼ਿਤ ਗਠਜੋੜ ਦੇ ਵਿਰੁੱਧ ਬੋਲਦੀ ਰਹੀ ਅਤੇ ਉਸ ਤੋਂ ਬਾਅਦ ਅਚਾਨਕ ਕਾਂਗਰਸ ਨੇ ਦਿੱਲੀ ਵਿਚ 4-3 ਦੀ ਸ਼ਰਤ ਰੱਖ ਦਿੱਤੀ ਪਰ ਹਰਿਆਣਾ ਪੰਜਾਬ ਵਿਚ ਇਕ ਵੀ ਸੀਟ ਦੇਣ ਲਈ ਤਿਆਰ ਨਹੀਂ ਹੋਈ। ਗੱਲਬਾਤ ਹੋਈ ਤਾਂ ਫਿਰ ਹਰਿਆਣਾ ਵਿਚ ਕਾਂਗਰਸ 7-2-1 'ਤੇ ਰਾਜ਼ੀ ਹੋਈ ਅਤੇ ਜਦ 'ਆਪ' ਇਸ ਦੇ ਲਈ ਤਿਆਰ ਹੋਈ ਤਾਂ ਕਾਂਗਰਸ ਫਿਰ ਮੁੱਕਰ ਗਈ।

ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਲੱਗੀ ਗੱਲਬਾਤ 'ਤੇ ਬ੍ਰੇਕ
'ਆਪ' ਦੇ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਗੱਲਬਾਤ 'ਤੇ ਬ੍ਰੇਕ ਲੱਗ ਗਈ ਸੀ ਕਿਉਂਕਿ ਕਾਂਗਰਸ ਪ੍ਰਧਾਨ ਨੇ ਆਪਣੇ ਟਵੀਟ ਰਾਹੀਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਹਮਲਾ ਕੀਤਾ ਅਤੇ ਯੂ-ਟਰਨ ਲੈਣ ਦਾ ਦੋਸ਼ ਲਾਇਆ। ਇਸ ਤਰ੍ਹਾਂ ਦੇ ਟਵੀਟ ਨਾਲ ਕਾਫੀ ਨਿਰਾਸ਼ਾ ਹੋਈ ਅਤੇ ਗੱਲਬਾਤ ਰੁਕ ਗਈ ਸੀ। ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰ ਕੇ ਜਵਾਬ ਦਿੱਤਾ ਸੀ ਕਿ ਕਿਹੜਾ ਯੂ-ਟਰਨ? ਅਜੇ ਤਾਂ ਗੱਲਬਾਤ ਚੱਲ ਰਹੀ ਸੀ। ਕੇਜਰੀਵਾਲ ਨੇ ਲਿਖਿਆ ਸੀ ਕਿ ਤੁਹਾਡਾ ਟਵੀਟ ਦਿਖਾਉਂਦਾ ਹੈ ਕਿ ਗਠਜੋੜ ਤੁਹਾਡੀ ਇੱਛਾ ਨਹੀਂ ਸਿਰਫ ਦਿਖਾਵਾ ਹੈ।

ਨਾਮਜ਼ਦਗੀ ਵਾਪਸ ਲੈਣਾ ਮੁਸ਼ਕਲ : ਕਾਂਗਰਸ
ਨਾਮਜ਼ਦਗੀ ਦੀ ਆਖਰੀ ਤਰੀਕ ਤਕ ਗਠਜੋੜ ਕਿਉਂ ਨਹੀਂ ਹੋ ਸਕਿਆ, ਇਸ ਬਾਰੇ ਕਾਂਗਰਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ 'ਆਪ' ਨੇ ਜੇ ਹਰਿਆਣਾ ਨੂੰ ਸ਼ਾਮਲ ਕਰਨ ਦੀ ਜ਼ਿੱਦ ਨਾ ਕੀਤੀ ਹੁੰਦੀ ਅਤੇ 4-3 ਦੇ ਫਾਰਮੂਲੇ ਨੂੰ ਮੰਨ ਲਿਆ ਹੁੰਦਾ ਤਾਂ ਅਜਿਹਾ ਨਾ ਹੁੰਦਾ। ਤਾਂ ਕੀ ਅਜੇ ਵੀ ਸੰਭਾਵਨਾਵਾਂ ਖੁੱਲ੍ਹੀਆਂ ਹਨ। ਇਸ ਬਾਰੇ ਕਾਂਗਰਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਜੇ ਇਕ ਵਾਰ ਨਾਮਜ਼ਦਗੀ ਹੋ ਜਾਵੇ ਤਾਂ ਉਸ ਨੂੰ ਵਾਪਸ ਲੈਣਾ ਬੜਾ ਮੁਸ਼ਕਲ ਹੋਵੇਗਾ, ਇਸ ਲਈ ਜੇ ਇਸ 'ਤੇ ਕੁਝ ਫੈਸਲਾ ਹੋਣਾ ਹੈ ਤਾਂ ਉਹ ਮੰਗਲਵਾਰ ਸਵੇਰ 10 ਵਜੇ ਤੋਂ ਪਹਿਲਾਂ ਸਾਹਮਣੇ ਆ ਜਾਣਾ ਚਾਹੀਦਾ ਹੈ।

ਕਾਂਗਰਸ ਦੇ ਸੂਤਰਾਂ ਦਾ ਕਹਿਣਾ ਹੈ ਕਿ 'ਆਪ' ਨਾਲ ਪਹਿਲਾਂ ਦਿੱਲੀ ਨੂੰ ਲੈ ਕੇ ਹੀ ਗੱਲ ਹੋ ਰਹੀ ਸੀ ਅਤੇ ਪਹਿਲਾਂ 3-3-1 ਅਤੇ ਬਾਅਦ ਵਿਚ 4-3 'ਤੇ ਸਹਿਮਤੀ ਬਣ ਗਈ ਸੀ ਪਰ ਬਾਅਦ ਵਿਚ 'ਆਪ' ਅਚਾਨਕ ਹਰਿਆਣਾ ਨੂੰ ਲੈ ਕੇ ਅੜ ਗਈ। ਕਾਂਗਰਸ ਸੂਤਰਾਂ ਮੁਤਾਬਕ ਸਾਡੀ ਹਰ ਸੂਬੇ ਲਈ ਵੱਖ ਗਠਜੋੜ ਨੀਤੀ ਹੁੰਦੀ ਹੈ। ਅਸੀਂ ਕਿਸੇ ਸੂਬੇ ਵਿਚ ਜੇ ਲੈਫਟ ਨਾਲ ਹਾਂ ਤਾਂ ਕਿਸੇ ਵਿਚ ਉਸ ਦੇ ਵਿਰੁੱਧ। ਇਸੇ ਤਰ੍ਹਾਂ ਦਿੱਲੀ ਨੂੰ ਲੈ ਕੇ ਵੀ ਚਲਿਆ ਜਾ ਸਕਦਾ ਸੀ ਪਰ 'ਆਪ' ਇਸ ਦੇ ਲਈ ਤਿਆਰ ਨਹੀਂ ਹੋਈ। ਬਿਨਾਂ ਹਰਿਆਣਾ ਦੇ 5-2 ਦਾ ਰਸਤਾ ਵੀ ਕਾਂਗਰਸ ਨੂੰ ਮਨਜ਼ੂਰ ਨਹੀਂ ਸੀ। ਕਾਂਗਰਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਦੋ ਸੀਟਾਂ 'ਤੇ ਕਿਵੇਂ ਸਿਮਟ ਸਕਦੇ ਸੀ ਜਦ ਕਿ ਪਿਛਲੀਆਂ ਕੁਝ ਚੋਣਾਂ ਵਿਚ ਕਾਂਗਰਸ ਦਾ ਗਰਾਫ ਲਗਾਤਾਰ ਉਪਰ ਗਿਆ ਹੈ।

ਵਰਕਿੰਗ ਪ੍ਰੈਜ਼ੀਡੈਂਟ ਹਾਰੂਨ ਯੂਸਫ ਦਾ ਕਹਿਣਾ ਹੈ ਕਿ ਕਾਂਗਰਸ ਇਸ ਨੂੰ ਲੈ ਕੇ ਗੰਭੀਰ ਸੀ ਪਰ 'ਆਪ' ਵਲੋਂ ਵਾਰ-ਵਾਰ ਯੂ-ਟਰਨ ਲੈਣ ਨਾਲ ਸਾਨੂੰ ਮੁਸ਼ਕਲ ਹੋ ਰਹੀ ਸੀ, ਇਸ ਕਾਰਨ ਅਸੀਂ ਮਹੀਨਿਆਂ ਤਕ ਬੈਠੇ ਰਹੇ। ਨਾ ਅਸੀਂ ਪ੍ਰਚਾਰ ਕੀਤਾ ਤੇ ਨਾ ਹੀ ਉਮੀਦਵਾਰ ਉਤਾਰੇ ਅਤੇ ਗਠਜੋੜ ਨਹੀਂ ਹੋ ਸਕਿਆ। ਪੂਰੇ ਦੇਸ਼ ਵਿਚ ਭਾਜਪਾ ਵਿਰੁੱਧ ਤਾਂ ਕਾਂਗਰਸ ਹੀ ਰਹੀ ਹੈ, ਅਜਿਹੇ ਵਿਚ ਇਹ ਕਹਿਣਾ ਕਿ ਕਾਂਗਰਸ ਭਾਜਪਾ ਨਾਲ ਮਿਲੀ ਹੋਈ ਹੈ, ਗਲਤ ਹੈ। ਕਾਂਗਰਸ ਨੇਤਾ ਸੁਭਾਸ਼ ਚੰਦਰ ਦਾ ਕਹਿਣਾ ਹੈ ਕਿ 'ਆਪ' ਕੁਝ ਜ਼ਿਆਦਾ ਹੀ ਉਤਾਵਲੀ ਹੋ ਰਹੀ ਸੀ।


DIsha

Content Editor

Related News