ਅਕਸ਼ਾਂਸ਼ ਸੇਨ ਕਤਲ ਮਾਮਲਾ : ਦੋਸ਼ੀ ਹਰਮਹਿਤਾਬ ਨੂੰ ਉਮਰ ਕੈਦ ਦੀ ਸਜ਼ਾ
Wednesday, Nov 20, 2019 - 04:22 PM (IST)
ਸ਼ਿਮਲਾ/ਚੰਡੀਗੜ੍ਹ— ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਦੀ ਪਤਨੀ ਦੇ ਭਤੀਜੇ ਅਕਸ਼ਾਂਸ਼ ਸੇਨ ਕਤਲ ਮਾਮਲੇ 'ਚ ਚੰਡੀਗੜ੍ਹ ਸੈਸ਼ਨ ਕੋਰਟ ਨੇ ਅੱਜ ਫੈਸਲਾ ਸੁਣਾਇਆ। ਕੋਰਟ ਨੇ ਦੋਸ਼ੀ ਹਰਮਹਿਤਾਬ ਨੂੰ ਉਮਰ ਕੈਦ ਦੀ ਸਜ਼ਾ ਅਤੇ 3 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਬੀਤੇ ਸੋਮਵਾਰ ਨੂੰ ਸੁਣਵਾਈ ਦੌਰਾਨ ਬਚਾਅ ਪੱਖ ਨੇ ਅਦਾਲਤ 'ਚ ਮਾਮਲੇ ਦੀਆਂ ਧਾਰਾਵਾਂ 'ਚ ਬਦਲਾਅ ਕਰਨ ਦੀ ਅਪੀਲ ਕੀਤੀ ਸੀ। ਜੱਜ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਜੱਜ ਨੇ ਕਿਹਾ ਕਿ ਜੇਕਰ ਬਚਾਅ ਪੱਖ ਨੂੰ ਇਤਰਾਜ਼ ਹੈ ਤਾਂ ਉਹ ਹਾਈ ਕੋਰਟ ਵਿਚ ਅਪੀਲ ਕਰ ਸਕਦੇ ਹਨ।
ਇਹ ਹੈ ਪੂਰਾ ਮਾਮਲਾ—
ਅਕਸ਼ਾਂਸ਼ ਸੇਨ ਦੀ 9 ਫਰਵਰੀ 2017 ਨੂੰ ਸੈਕਟਰ-9 'ਚ ਬੀ. ਐੱਮ. ਡਬਲਿਊ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ ਗਈ ਸੀ। ਅਕਸ਼ਾਂਸ਼ ਸੇਨ ਸੈਕਟਰ-9 'ਚ ਹੀ ਰਹਿੰਦਾ ਸੀ ਅਤੇ ਉਸੇ ਸੈਕਟਰ 'ਚ ਉਸ ਦਾ ਇਕ ਦੋਸਤ ਸ਼ੇਰਾ ਵੀ ਰਹਿੰਦਾ ਸੀ। 9 ਫਰਵਰੀ ਦੇਰ ਰਾਤ ਇਕ ਪਾਰਟੀ 'ਚ ਅਕਸ਼ਾਂਸ਼ ਦੇ ਦੋਸਤ ਸ਼ੇਰਾ ਦੀ ਹਰਮਹਿਤਾਬ ਅਤੇ ਉਸ ਦੇ ਦੋਸਤ ਬਲਰਾਜ ਸਿੰਘ ਨਾਲ ਹੱਥੋਪਾਈ ਹੋ ਗਈ ਸੀ। ਇਸ ਝਗੜੇ ਤੋਂ ਬਾਅਦ ਜਦੋਂ ਅਕਸ਼ਾਂਸ਼ ਨੇ ਸ਼ੇਰਾ ਦਾ ਬਚਾਅ ਕੀਤਾ ਸੀ, ਤਾਂ ਉਸ 'ਤੇ ਦੀ ਬੀ. ਐੱਮ. ਡਬਲਿਊ ਚੜ੍ਹਾ ਦਿੱਤੀ ਗਈ ਸੀ। 16 ਫਰਵਰੀ 2017 ਨੂੰ ਹਰਮਹਿਤਾਬ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਉਸ ਦਾ ਦੋਸਤ ਬਲਰਾਜ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਕੀਤਾ ਹੈ।