ਅਕਾਲੀ ਦਲ ''ਚ ਰੁੱਸਿਆਂ ਨੂੰ ਮਨਾਉਣ ਦਾ ਦੌਰ ਸ਼ੁਰੂ
Tuesday, Jul 03, 2018 - 10:42 AM (IST)
ਨਵੀਂ ਦਿੱਲੀ—ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਗਠਜੋੜ ਨੂੰ ਮਜ਼ਬੂਤ ਕਰਨ ਤੇ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਆਪਣੇ ਪੁਰਾਣੇ ਵਰਕਰਾਂ, ਆਗੂਆਂ ਤੇ ਕਰੀਬੀਆਂ ਦੀ ਯਾਦ ਆਉਣ ਲੱਗੀ। ਇਹੀ ਕਾਰਨ ਹੈ ਕਿ ਪਾਰਟੀ ਨੇ ਬੀਤੇ ਦਿਨੀਂ ਵਰਕਰਾਂ ਦੀ ਘਰ ਵਾਪਸੀ ਦੀ ਨਵੀਂ ਮੁਹਿੰਮ ਸ਼ਰੂ ਕਰ ਦਿੱਤੀ ਹੈ।
ਇਸ ਲੜੀ 'ਚ ਅਕਾਲੀ ਦਲ ਨੇ ਕਈ ਆਗੂਆਂ ਦੀ ਘਰ ਵਾਪਸੀ ਕਰਵਾਈ। ਇਨ੍ਹਾਂ 'ਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਤਨਵੰਤ ਸਿੰਘ, ਬਖਸ਼ੀਸ਼ ਸਿੰਘ ਰੋਹਿਣੀ, ਸਰਨਾ ਦਲ ਦੇ ਯੂਥ ਵਿੰਗ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ ਤੇ ਅਕਾਲੀ ਆਗੂ ਅਮਰਜੀਤ ਸਿੰਘ ਲਿਬਾਸਪੁਰੀ ਸ਼ਾਮਲ ਹਨ। ਦਰਅਸਲ ਰਾਜਾ ਤੇ ਤਨਵੰਤ ਨੂੰ ਬਾਕੀ ਤਿੰਨ ਅਕਾਲੀ ਆਗੂਆਂ ਨੂੰ 2017 ਦੀਆਂ ਕਮੇਟੀ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਵਿਰੁੱਧ ਕੰਮ ਕਰਨ ਲਈ 6 ਸਾਲਾਂ ਲਈ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ, ਜਦਕਿ ਤਨਵੰਤ ਨੂੰ ਆਦਰਸ਼ ਵਿਵਹਾਰ ਦੀ ਮਰਿਆਦਾ ਭੰਗ ਕਰਨ ਦਾ ਦੋਸ਼ ਲਾ ਕੇ ਪਾਰਟੀ 'ਚੋਂ ਕੱਢਿਆ ਗਿਆ ਸੀ।
ਹਰਪ੍ਰੀਤ ਸਿੰਘ ਰਾਜਾ ਪਾਰਟੀ ਨੂੰ 2012 'ਚ ਖੁਦ ਅਲਵਿਦਾ ਕਹਿ ਕੇ ਸਰਨਾ ਦਲ 'ਚ ਸ਼ਾਮਲ ਹੋਏ ਸਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ 'ਚ ਸ਼ਾਮਲ ਕੀਤੇ ਗਏ ਆਗੂਆਂ ਨੂੰ ਸ਼ਾਲ ਪਹਿਨਾ ਕੇ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ।
ਬੀਤੇ ਦਿਨੀਂ ਅਕਾਲੀ ਦਲ ਦੀ ਸੂਬਾ ਕੋਰ ਕਮੇਟੀ 'ਚੋਂ ਪਾਰਟੀ 'ਚੋਂ ਕੱਢੇ ਗਏ ਜਾਂ ਪਾਰਟੀ ਛੱਡ ਗਏ ਆਗੂਆਂ ਵਲੋਂ ਪਾਰਟੀ 'ਚ ਵਾਪਸ ਆਉਣ ਲਈ ਕੀਤੀ ਬੇਨਤੀ 'ਤੇ ਵਿਸਤਾਰਪੂਰਵਕ ਚਰਚਾ ਹੋਈ। ਇਸ ਦੇ ਮਗਰੋਂ ਬਣਾਈ ਇਕ ਕਮੇਟੀ ਵਲੋਂ ਲਿਖਤੀ ਅਰਜ਼ੀਆਂ ਲੈਣ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਮਨਜ਼ੂਰੀ ਲੈਣ 'ਤੇ ਉਕਤ ਆਗੂਆਂ ਨੂੰ ਪਾਰਟੀ ਦਾ ਮੁੜ ਤੋਂ ਹਿੱਸਾ ਬਣਾਇਆ ਗਿਆ ਹੈ। ਇਸ ਮੌਕੇ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ।
