ਅਜਮੇਰ ਦਰਗਾਹ ’ਚ ਮੰਦਰ ਹੋਣ ਦੇ 3 ਆਧਾਰ ਪੇਸ਼ ਕੀਤੇ, ਵੰਸ਼ਜ ਬੋਲੇ-ਅਜਿਹੀਆਂ ਹਰਕਤਾਂ ਦੇਸ਼ ਲਈ ਖਤਰਨਾਕ

Thursday, Nov 28, 2024 - 09:29 PM (IST)

ਅਜਮੇਰ, (ਭਾਸ਼ਾ)- ਅਜਮੇਰ ਵਿਚ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ’ਚ ਸੰਕਟ ਮੋਚਨ ਮਹਾਦੇਵ ਮੰਦਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਜਮੇਰ ਸਿਵਲ ਕੋਰਟ ਵਿਚ ਦਾਇਰ ਪਟੀਸ਼ਨ ਨੂੰ ਅਦਾਲਤ ਨੇ ਸੁਣਵਾਈ ਦੇ ਯੋਗ ਮੰਨਦਿਆਂ ਅਗਲੀ ਤਰੀਕ 20 ਦਸੰਬਰ ਤੈਅ ਕੀਤੀ ਹੈ। ਪਟੀਸ਼ਨ ਦਾਇਰ ਕਰਨ ਵਾਲੇ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਮੁੱਖ ਤੌਰ ’ਤੇ 3 ਆਧਾਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ 2 ਸਾਲ ਦੀ ਰਿਸਰਚ ਤੇ ਰਿਟਾਇਰਡ ਜੱਜ ਹਰਬਿਲਾਸ ਸ਼ਾਰਦਾ ਦੀ ਕਿਤਾਬ ਵਿਚ ਦਿੱਤੇ ਗਏ ਤੱਥਾਂ ਦੇ ਆਧਾਰ ’ਤੇ ਪਟੀਸ਼ਨ ਦਾਇਰ ਕੀਤੀ ਹੈ। ਕਿਤਾਬ ਵਿਚ ਇਸ ਦਾ ਜ਼ਿਕਰ ਹੈ ਕਿ ਇਥੇ ਇਕ ਬ੍ਰਾਹਮਣ ਜੋੜਾ ਰਹਿੰਦਾ ਸੀ ਅਤੇ ਦਰਗਾਹ ਵਾਲੀ ਥਾਂ ’ਤੇ ਬਣੇ ਮਹਾਦੇਵ ਮੰਦਰ ਵਿਚ ਪੂਜਾ-ਪਾਠ ਕਰਦਾ ਹੁੰਦਾ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਤੱਥ ਹਨ, ਜੋ ਸਾਬਤ ਕਰਦੇ ਹਨ ਕਿ ਦਰਗਾਹ ਤੋਂ ਪਹਿਲਾਂ ਇੱਥੇ ਸ਼ਿਵ ਮੰਦਰ ਸੀ।

ਦਰਗਾਹ ਸ਼ਰੀਫ ਦੇ ਅੰਦਰ ਸ਼ਿਵ ਮੰਦਰ ਹੋਣ ਦਾ ਦਾਅਵਾ ਝੂਠਾ : ਰਜ਼ਵੀ

ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਮੁਫਤੀ ਸ਼ਹਾਬੂਦੀਨ ਰਜ਼ਵੀ ਬਰੇਲਵੀ ਨੇ ਕਿਹਾ ਕਿ ਦਰਗਾਹ ਸ਼ਰੀਫ ਦੇ ਅੰਦਰ ਸ਼ਿਵ ਮੰਦਰ ਹੋਣ ਦਾ ਦਾਅਵਾ ਪੂਰੀ ਤਰ੍ਹਾਂ ਗਲਤ ਅਤੇ ਝੂਠ ’ਤੇ ਆਧਾਰਿਤ ਹੈ। ਮੌਲਾਨਾ ਨੇ ਕਿਹਾ ਕਿ ਕੁਝ ਫਿਰਕੂ ਤਾਕਤਾਂ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ।

20 ਦਸੰਬਰ ਤੱਕ ਪੱਖ ਰੱਖਣ ਲਈ ਹਾਜ਼ਰ ਹੋਣਾ ਪਵੇਗਾ

ਅਦਾਲਤ ਨੇ ਘੱਟ ਗਿਣਤੀ ਮੰਤਰਾਲਾ, ਦਰਗਾਹ ਕਮੇਟੀ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਹੈ। ਉਸ ਨੇ 20 ਦਸੰਬਰ ਨੂੰ ਆਪਣੇ ਪੱਖ ਸਮੇਤ ਹਾਜ਼ਰ ਹੋਣਾ ਹੈ। ਅਜਮੇਰ ਦਰਗਾਹ ਦੇ ਮੁੱਖ ਵਾਰਸ ਅਤੇ ਖਵਾਜ਼ਾ ਸਾਹਿਬ ਦੇ ਵੰਸ਼ਜ ਨਸਰੂਦੀਨ ਚਿਸ਼ਤੀ ਨੇ ਇਸ ਮਾਮਲੇ ਸਬੰਧੀ ਆਪਣਾ ਪੱਖ ਪੇਸ਼ ਕੀਤਾ ਹੈ।


Rakesh

Content Editor

Related News