AirIndia ਦੇ ਜਹਾਜ਼ ਦਾ ਇੰਜਣ ਹਵਾ ਵਿੱਚ ਹੋਇਆ ਬੰਦ, ਮੁੰਬਈ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ
Friday, May 20, 2022 - 02:43 PM (IST)
ਨਵੀਂ ਦਿੱਲੀ : ਟਾਟਾ ਸਮੂਹ ਦੁਆਰਾ ਸੰਚਾਲਿਤ ਏਅਰ ਇੰਡੀਆ ਦਾ A320neo ਜਹਾਜ਼ ਉਡਾਣ ਭਰਨ ਤੋਂ 27 ਮਿੰਟ ਬਾਅਦ ਹੀ ਮੁੰਬਈ ਹਵਾਈ ਅੱਡੇ 'ਤੇ ਵਾਪਸ ਪਰਤਿਆ ਕਿਉਂਕਿ ਇਸ ਦਾ ਇੱਕ ਇੰਜਣ ਤਕਨੀਕੀ ਖਰਾਬੀ ਕਾਰਨ ਹਵਾ ਦੇ ਵਿਚਕਾਰ ਬੰਦ ਹੋ ਗਿਆ ਸੀ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਯਾਤਰੀਆਂ ਨੂੰ ਇਕ ਹੋਰ ਜਹਾਜ਼ ਰਾਹੀਂ ਉਨ੍ਹਾਂ ਦੀ ਮੰਜ਼ਿਲ ਬੈਂਗਲੁਰੂ ਭੇਜਿਆ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ। ਸੂਤਰਾਂ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਤਕੜਾ ਝਟਕਾ, ਘਰੇਲੂ ਤੇ ਵਪਾਰਕ ਗੈਸ ਸਿਲੰਡਰ ਦੋਵੇਂ ਹੋਏ ਮਹਿੰਗੇ
ਏਅਰ ਇੰਡੀਆ ਦੇ A320neo ਜਹਾਜ਼ਾਂ ਵਿਚ 'CFM' ਲੀਪ ਇੰਜਣ ਫਿੱਟ ਕੀਤੇ ਗਏ ਹਨ। A320neo ਜਹਾਜ਼ ਦੇ ਪਾਇਲਟ ਨੂੰ ਸਵੇਰੇ 9:43 ਵਜੇ ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਪਾਇਲਟ ਨੂੰ ਇੱਕ ਇੰਜਣ 'ਤੇ ਉੱਚ ਨਿਕਾਸ ਗੈਸ ਦੇ ਤਾਪਮਾਨ ਬਾਰੇ ਚਿਤਾਵਨੀ ਮਿਲੀ। ਇਸ ਤੋਂ ਬਾਅਦ ਇੰਜਣ ਬੰਦ ਹੋ ਗਿਆ । ਸੂਤਰਾਂ ਨੇ ਦੱਸਿਆ ਕਿ ਇੰਜਣ ਬੰਦ ਹੋਣ ਤੋਂ ਬਾਅਦ ਪਾਇਲਟ ਨੇ ਉਡਾਣ ਦੇ ਠੀਕ 27 ਮਿੰਟ ਬਾਅਦ ਜਹਾਜ਼ ਸਵੇਰੇ 10:10 ਵਜੇ ਵਾਪਸ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ।
ਇਸ ਘਟਨਾ ਬਾਰੇ ਪੁੱਛੇ ਜਾਣ 'ਤੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਏਅਰ ਇੰਡੀਆ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਸਾਡਾ ਅਮਲਾ ਇਨ੍ਹਾਂ ਸਥਿਤੀਆਂ ਨਾਲ ਨਜਿੱਠਣ ਵਿੱਚ ਨਿਪੁੰਨ ਹੈ। ਸਾਡੀਆਂ ਇੰਜੀਨੀਅਰਿੰਗ ਅਤੇ ਰੱਖ-ਰਖਾਅ ਟੀਮਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਨੂੰ ਇਕ ਹੋਰ ਜਹਾਜ਼ ਰਾਹੀਂ ਬੈਂਗਲੁਰੂ ਲਿਜਾਇਆ ਗਿਆ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ’ਚ ਭਾਰੀ ਉਤਰਾਅ-ਚੜ੍ਹਾਅ ਤੋਂ ਡਰੀਆਂ ਕੰਪਨੀਆਂ ਘਟਾ ਰਹੀਆਂ ਹਨ ਆਪਣੇ IPO ਮੁਲਾਂਕਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।