Air India ਦੀ ਫੁਕੇਟ-ਦਿੱਲੀ ਫਲਾਈਟ ’ਚ ਖ਼ਤਰਨਾਕ ਟਰਬੂਲੈਂਸ ਮਗਰੋਂ ਕੈਪਟਨ ਦਾ ਡੋਪ ਟੈਸਟ ਪਾਜ਼ੇਟਿਵ ਹੋਣ ਦਾ ਦਾਅਵਾ!

Monday, Aug 10, 2026 - 07:42 AM (IST)

Air India ਦੀ ਫੁਕੇਟ-ਦਿੱਲੀ ਫਲਾਈਟ ’ਚ ਖ਼ਤਰਨਾਕ ਟਰਬੂਲੈਂਸ ਮਗਰੋਂ ਕੈਪਟਨ ਦਾ ਡੋਪ ਟੈਸਟ ਪਾਜ਼ੇਟਿਵ ਹੋਣ ਦਾ ਦਾਅਵਾ!

ਨਵੀਂ ਦਿੱਲੀ (ਇੰਟ.) - ਏਅਰ ਇੰਡੀਆ ਦੀ ਫੁਕੇਟ-ਦਿੱਲੀ ਉਡਾਣ ’ਚ 4 ਅਗਸਤ ਨੂੰ ਹੋਏ ਗੰਭੀਰ ਟਰਬੂਲੈਂਸ ਦੇ ਮਾਮਲੇ ਦੀ ਜਾਂਚ ਦਰਮਿਆਨ ਨਵਾਂ ਦਾਅਵਾ ਸਾਹਮਣੇ ਆਇਆ ਹੈ। ਕਈ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਹਾਜ਼ ਚਲਾਉਣ ਵਾਲੇ ਕੈਪਟਨ ਦਾ ਦਿੱਲੀ ਪਹੁੰਚਣ ’ਤੇ ਕਰਵਾਏ ਗਏ ਡੋਪ ਟੈਸਟ ਦੀ ਜਾਂਚ ਵਿਚ ਨਤੀਜਾ ਪਾਜ਼ੇਟਿਵ ਆਇਆ ਹੈ। ਹਾਲਾਂਕਿ ਏਅਰ ਇੰਡੀਆ ਨੇ ਇਸ ਦੀ ਪੁਸ਼ਟੀ ਜਾਂ ਖੰਡਨ ਨਹੀਂ ਕੀਤਾ ਹੈ। ਏਅਰਲਾਈਨ ਦਾ ਕਹਿਣਾ ਹੈ ਕਿ ਪਾਇਲਟਾਂ ਦੀ ਜਾਂਚ ਜ਼ਰੂਰ ਹੋਈ ਸੀ, ਪਰ ਉਸ ਦਾ ਨਤੀਜਾ ਅਜੇ ਏਅਰ ਇੰਡੀਆ ਨੂੰ ਮੁਹੱਈਆ ਨਹੀਂ ਕਰਵਾਇਆ ਗਿਆ ਹੈ।

ਪੜ੍ਹੋ ਇਹ ਵੀ - 9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ

ਜਹਾਜ਼ ਅਚਾਨਕ 300 ਫੁੱਟ ਆਇਆ ਸੀ ਹੇਠਾਂ
ਏਅਰਬੱਸ ਏ-320 ਵਿਚ ਕੁੱਲ 145 ਲੋਕ ਸਵਾਰ ਸਨ। ਉਡਾਣ ਦੌਰਾਨ ਓਡਿਸ਼ਾ ਨੇੜੇ ਜਹਾਜ਼ ਨੂੰ ਤੇਜ਼ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਤੋਂ ਬਾਅਦ ਜਹਾਜ਼ ਅਚਾਨਕ ਲੱਗਭਗ 300 ਫੁੱਟ ਹੇਠਾਂ ਚਲਾ ਗਿਆ। ਦਿੱਲੀ ਪਹੁੰਚਣ ਤੋਂ ਬਾਅਦ 13 ਯਾਤਰੀਆਂ ਅਤੇ 4 ਕਰੂ ਮੈਂਬਰਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਘਟਨਾ ਨੇ ਜਹਾਜ਼ ਦੀ ਸੁਰੱਖਿਆ ਅਤੇ ਉਸ ਸਮੇਂ ਪਾਇਲਟਾਂ ਵੱਲੋਂ ਸਥਿਤੀ ਨੂੰ ਸੰਭਾਲਣ ਦੇ ਤਰੀਕੇ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਡੀ. ਜੀ. ਸੀ. ਏ. ਖੰਗਾਲ ਰਿਹਾ ਘਟਨਾ ਦਾ ਹਰ ਪਹਿਲੂ
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਿਹਾ ਹੈ। ਜਾਂਚ ਵਿਚ ਇਹ ਦੇਖਿਆ ਜਾ ਰਿਹਾ ਹੈ ਕਿ ਟਰਬੂਲੈਂਸ ਦੀ ਸਥਿਤੀ ਨਾਲ ਨਜਿੱਠਣ ਵਿਚ ਜਹਾਜ਼ ਦੇ ਕਰੂ ਮੈਂਬਰਾਂ ਦੀ ਕਾਰਵਾਈ ਯੋਗ ਸੀ ਜਾਂ ਨਹੀਂ। ਇਸ ਦੇ ਨਾਲ ਹੀ ਮੌਸਮ ਦੀ ਸਥਿਤੀ, ਟਰਬੂਲੈਂਸ ਦੀ ਅਸਲ ਵਜ੍ਹਾ ਅਤੇ ਜਹਾਜ਼ ’ਤੇ ਇਸ ਦੇ ਪ੍ਰਭਾਵ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਅਚਾਨਕ ਹੇਠਾਂ ਡਿੱਗਣ ਦੇ ਕਾਰਨ ਜਹਾਜ਼ ਦੇ ਹਾਈਡ੍ਰੋਲਿਕ ਸਿਸਟਮ ਸਮੇਤ ਕਿਸੇ ਮਹੱਤਵਪੂਰਨ ਹਿੱਸੇ ਨੂੰ ਨੁਕਸਾਨ ਤਾਂ ਨਹੀਂ ਪਹੁੰਚਿਆ।

ਪੜ੍ਹੋ ਇਹ ਵੀ - 95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ ਕਰ ਦੇਣਗੀਆਂ ਤਸਵੀਰਾਂ

ਕੀ ਉਡਾਣ ਨੂੰ ਜਾਰੀ ਰੱਖਣਾ ਸਹੀ ਫ਼ੈਸਲਾ ਸੀ?
ਜਾਂਚ ਦਾ ਇਕ ਅਹਿਮ ਸਵਾਲ ਇਹ ਵੀ ਹੈ ਕਿ ਘਟਨਾ ਤੋਂ ਬਾਅਦ ਜਹਾਜ਼ ਨੂੰ ਦਿੱਲੀ ਤੱਕ ਲੈ ਕੇ ਜਾਣਾ ਸਹੀ ਸੀ ਜਾਂ ਉਸ ਨੂੰ ਨੇੜਲੇ ਹਵਾਈ ਅੱਡੇ ਵੱਲ ਮੋੜ ਦਿੱਤਾ ਜਾਣਾ ਚਾਹੀਦਾ ਸੀ। ਰਿਪੋਰਟ ਦੇ ਮੁਤਾਬਕ ਵਾਰਾਣਸੀ ਜਾਂ ਲਖਨਊ ਵਰਗੇ ਨੇੜਲੇ ਹਵਾਈ ਅੱਡਿਆਂ ’ਤੇ ਜਹਾਜ਼ ਉਤਾਰਨ ਦਾ ਬਦਲ ਉਪਲੱਬਧ ਸੀ ਜਾਂ ਨਹੀਂ ਅਤੇ ਉਸ ਸਮੇਂ ਜਹਾਜ਼ ਦੀ ਤਕਨੀਕੀ ਸਥਿਤੀ ਕੀ ਸੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਪੂਰੀ ਹੋਣ ਤੱਕ ਪਾਇਲਟ ਉਡਾਣ ਤੋਂ ਬਾਹਰ
ਘਟਨਾ ਦੀ ਜਾਂਚ ਪੂਰੀ ਹੋਣ ਤੱਕ ਸਬੰਧਿਤ ਕਰੂ ਮੈਂਬਰਾਂ ਨੂੰ ਪ੍ਰੋਟੋਕੋਲ ਤਹਿਤ ਉਡਾਣ ਡਿਊਟੀ ਤੋਂ ਹਟਾਇਆ ਗਿਆ ਹੈ। ਭਾਵ ਇਸ ਉਡਾਣ ਦੇ ਪਾਇਲਟ ਫ਼ਿਲਹਾਲ ਜਹਾਜ਼ ਨਹੀਂ ਉਡਾ ਰਹੇ ਹਨ। ਜੇ ਕੈਪਟਨ ਦੇ ਡੋਪ ਟੈਸਟ ਦੇ ਪਾਜ਼ੇਟਿਵ ਹੋਣ ਦੀ ਗੱਲ ਅਧਿਕਾਰਤ ਤੌਰ ’ਤੇ ਸਹੀ ਹੁੰਦੀ ਹੈ ਤਾਂ ਇਹ ਜਾਂਚ ਵਿਚ ਇਕ ਨਵਾਂ ਅਤੇ ਗੰਭੀਰ ਪਹਿਲੂ ਜੋੜ ਸਕਦੀ ਹੈ। ਹਾਲਾਂਕਿ ਫ਼ਿਲਹਾਲ ਏਅਰਲਾਈਨ ਨੂੰ ਰਿਪੋਰਟ ਨਹੀਂ ਮਿਲੀ ਹੈ ਅਤੇ ਅੰਤਿਮ ਨਤੀਜਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਪੜ੍ਹੋ ਇਹ ਵੀ - ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ ਸੱਚਾਈ ਜਾਣ ਉੱਡਣਗੇ ਹੋਸ਼

ਪਹਿਲੀ ਵਾਰ ਪਾਜ਼ੇਟਿਵ ਹੋਣ ’ਤੇ ਕੀ ਹੁੰਦਾ ਹੈ?
ਮੌਜੂਦਾ ਹਵਾਬਾਜ਼ੀ ਨਿਯਮਾਂ ਮੁਤਾਬਕ ਜੇ ਕੋਈ ਪਾਇਲਟ ਪਹਿਲੀ ਵਾਰ ਡੋਪ ਟੈਸਟ ’ਚ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਸ਼ਾ-ਮੁਕਤੀ ਅਤੇ ਮੁੜ-ਵਸੇਬਾ ਪ੍ਰਕਿਰਿਆ ਲਈ ਭੇਜਿਆ ਜਾ ਸਕਦਾ ਹੈ। ਇਸ ਤੋਂ ਬਾਅਦ ਨੈਗੇਟਿਵ ਡੋਪ ਟੈਸਟ ਰਿਪੋਰਟ ਮਿਲਣ ’ਤੇ ਉਹ ਦੁਬਾਰਾ ਉਡਾਣ ਡਿਊਟੀ ’ਤੇ ਪਰਤ ਸਕਦਾ ਹੈ ਪਰ ਦੁਬਾਰਾ ਉਡਾਣ ਸ਼ੁਰੂ ਕਰਨ ਤੋਂ ਬਾਅਦ ਫਿਰ ਪਾਜ਼ੇਟਿਵ ਪਾਏ ਜਾਣ ’ਤੇ ਉਸ ਦਾ ਲਾਇਸੈਂਸ ਤਿੰਨ ਸਾਲ ਲਈ ਮੁਅੱਤਲ ਕੀਤਾ ਜਾ ਸਕਦਾ ਹੈ। ਤੀਜੀ ਵਾਰ ਪਾਜ਼ੇਟਿਵ ਪਾਏ ਜਾਣ ਦੀ ਸਥਿਤੀ ਵਿਚ ਉਡਾਣ ਲਾਇਸੈਂਸ ਰੱਦ ਕੀਤੇ ਜਾਣ ਦਾ ਪ੍ਰਬੰਧ ਹੈ।

ਉਡਾਣ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਖ਼ਤ ਮਨ੍ਹਾ
ਅੰਤਰਰਾਸ਼ਟਰੀ ਸਿਵਲ ਹਵਾਬਾਜ਼ੀ ਸੰਗਠਨ (ਆਈ. ਸੀ. ਏ. ਓ.) ਦੇ ਨਿਯਮ ਵੀ ਸਪੱਸ਼ਟ ਕਰਦੇ ਹਨ ਕਿ ਲਾਇਸੈਂਸਧਾਰਕ ਵਿਅਕਤੀ ਕਿਸੇ ਅਜਿਹੇ ਨਸ਼ੀਲੇ ਪਦਾਰਥ ਦੇ ਪ੍ਰਭਾਵ ਹੇਠ ਰਹਿੰਦਿਆਂ ਆਪਣੇ ਲਾਇਸੈਂਸ ਨਾਲ ਜੁੜੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ, ਜਿਸ ਨਾਲ ਉਹ ਸੁਰੱਖਿਅਤ ਅਤੇ ਯੋਗ ਤਰੀਕੇ ਨਾਲ ਉਡਾਣ ਚਲਾਉਣ ’ਚ ਅਸਮਰੱਥ ਹੋ ਸਕਦਾ ਹੈ। ਫ਼ਿਲਹਾਲ ਟਰਬੂਲੈਂਸ ਦੀ ਘਟਨਾ ਵਿਚ ਪਾਇਲਟਾਂ ਦੀ ਭੂਮਿਕਾ ਦੀ ਜਾਂਚ ਪਹਿਲਾਂ ਤੋਂ ਚੱਲ ਰਹੀ ਹੈ। ਅਜਿਹੇ ਵਿਚ ਕੈਪਟਨ ਦੇ ਡੋਪ ਟੈਸਟ ਨੂੰ ਲੈ ਕੇ ਸਾਹਮਣੇ ਆਇਆ ਦਾਅਵਾ ਜਾਂਚ ਨੂੰ ਇਕ ਨਵਾਂ ਮੋੜ ਦੇ ਸਕਦਾ ਹੈ।

ਪੜ੍ਹੋ ਇਹ ਵੀ - ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ ਸੱਚਾਈ ਜਾਣ ਉੱਡਣਗੇ ਹੋਸ਼

ਏਅਰ ਇੰਡੀਆ ਬੋਲੀ-ਜਾਂਚ ’ਚ ਸਹਿਯੋਗ ਜਾਰੀ ਰੱਖਾਂਗੇ
ਏਅਰ ਇੰਡੀਆ ਦੇ ਬੁਲਾਰੇ ਅਨੁਸਾਰ ਉਡਾਣ ਤੋਂ ਬਾਅਦ ਤੈਅ ਨਿਯਮਾਂ ਤਹਿਤ ਪਾਇਲਟਾਂ ਦੀ ਜਾਂਚ ਕੀਤੀ ਗਈ ਸੀ ਪਰ ਜਾਂਚ ਦਾ ਨਤੀਜਾ ਏਅਰਲਾਈਨ ਨਾਲ ਸਾਂਝਾ ਨਹੀਂ ਕੀਤਾ ਗਿਆ ਹੈ, ਇਸ ਲਈ ਉਹ ਕਿਸੇ ਸਿੱਟੇ ’ਤੇ ਟਿੱਪਣੀ ਕਰਨ ਦੀ ਸਥਿਤੀ ਵਿਚ ਨਹੀਂ ਹੈ। ਏਅਰਲਾਈਨ ਨੇ ਇਹ ਵੀ ਕਿਹਾ ਕਿ ਕਰੂ ਮੈਂਬਰਾਂ ਦੀ ਨਿਯਮਤ ਜਾਂਚ ਸਿਵਲ ਹਵਾਬਾਜ਼ੀ ਨਿਯਮਾਂ ਤਹਿਤ ਹੁੰਦੀ ਹੈ ਅਤੇ ਇਹ ਕਿਸੇ ਇਕ ਉਡਾਣ ਜਾਂ ਘਟਨਾ ਨਾਲ ਜੁੜੀ ਪ੍ਰਕਿਰਿਆ ਨਹੀਂ ਹੈ। ਏਅਰ ਇੰਡੀਆ ਨੇ ਸਬੰਧਿਤ ਅਧਿਕਾਰੀਆਂ ਨਾਲ ਸਹਿਯੋਗ ਜਾਰੀ ਰੱਖਣ ਦੀ ਗੱਲ ਕਹੀ ਹੈ।

ਪੜ੍ਹੋ ਇਹ ਵੀ - ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ! ਤੇਜ਼ ਰਫ਼ਤਾਰ ਕਾਰ ਨੇ 3 ਕਾਂਵੜੀਆਂ ਨੂੰ ਦਰੜਿਆ, ਮੌਕੇ 'ਤੇ ਨਿਕਲੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News