ਏਅਰ ਇੰਡੀਆ ਟਰਬੂਲੈਂਸ ਹਾਦਸਾ: ਸਾਰੇ ਜ਼ਖਮੀ ਯਾਤਰੀਆਂ ਮਿਲੀ ਹਸਪਤਾਲ ਤੋਂ ਛੁੱਟੀ
Wednesday, Aug 05, 2026 - 05:15 PM (IST)
ਨਵੀਂ ਦਿੱਲੀ (ਏਜੰਸੀ)- 4 ਅਗਸਤ ਨੂੰ ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਟਰਬੂਲੈਂਸ ਕਾਰਨ ਜ਼ਖਮੀ ਹੋਏ ਸਾਰੇ 13 ਯਾਤਰੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਏਅਰ ਇੰਡੀਆ ਨੇ ਬੁੱਧਵਾਰ ਦੁਪਹਿਰ 3:30 ਵਜੇ ਤੱਕ ਇੱਕ ਅਪਡੇਟ ਜਾਰੀ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਵਿੱਚ ਭਰਤੀ ਕਰਾਏ ਗਏ ਸਾਰੇ 13 ਯਾਤਰੀਆਂ ਨੂੰ ਡਾਕਟਰਾਂ ਨੇ ਛੁੱਟੀ ਦੇ ਦਿੱਤੀ ਹੈ। ਹਾਲਾਂਕਿ, ਚਾਲਕ ਦਲ ਦੇ 4 ਜ਼ਖਮੀ ਮੈਂਬਰ ਅਜੇ ਵੀ ਹਸਪਤਾਲ ਵਿੱਚ ਭਰਤੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਏਅਰ ਇੰਡੀਆ ਦੀ ਫਲਾਈਟ AI2379 ਨੂੰ 4 ਅਗਸਤ ਨੂੰ ਫੁਕੇਟ ਤੋਂ ਦਿੱਲੀ ਆਉਂਦੇ ਸਮਮੇਂ ਰਸਤੇ ਵਿੱਚ ਏਅਰ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ। ਇਸ ਹਾਦਸੇ ਵਿੱਚ ਜਹਾਜ਼ ਇੱਕ ਹੀ ਝਟਕੇ ਵਿੱਚ ਹਵਾ ਵਿੱਚ 300 ਫੁੱਟ ਹੇਠਾਂ ਆ ਗਿਆ, ਜਿਸ ਨਾਲ 13 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਜ਼ਖਮੀ ਹੋ ਗਏ। ਜਹਾਜ਼ ਵਿੱਚ 3 ਬੱਚਿਆਂ ਸਮੇਤ 137 ਯਾਤਰੀ ਅਤੇ 8 ਮੈਂਬਰੀ ਚਾਲਕ ਦਲ ਸਵਾਰ ਸੀ। ਇਹ ਫਰਾਂਸੀਸੀ ਕੰਪਨੀ ਏਅਰਬੱਸ ਦਾ A320neo ਜਹਾਜ਼ ਸੀ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਜਾਂਚ ਲਈ ਜਹਾਜ਼ ਦਾ ਬਲੈਕ ਬਾਕਸ (ਫਲਾਈਟ ਡੇਟਾ ਰਿਕਾਰਡਰ) ਅਤੇ ਕਾਕਪਿਟ ਵੌਇਸ ਰਿਕਾਰਡਰ ਜ਼ਬਤ ਕਰ ਲਿਆ ਹੈ।
