‘ਹੌਂਸਲਿਆਂ ਦੀ ਉਡਾਣ’, ਪਾਇਲਟ ਬੀਬੀਆਂ ਨੇ ਰਚਿਆ ਇਤਿਹਾਸ, ਸੈਨ ਫਰਾਂਸਿਸਕੋ ਤੋਂ ਪੁੱਜੀਆਂ ਬੈਂਗਲੁਰੂ
Monday, Jan 11, 2021 - 11:57 AM (IST)
ਬੈਂਗਲੁਰੂ— ਭਾਰਤ ਦੇ ਹਵਾਬਾਜ਼ੀ ਇਤਿਹਾਸ ਵਿਚ ਪਹਿਲੀ ਵਾਰ ਪਾਇਲਟ ਬੀਬੀਆਂ ਦੀ ਇਕ ਟੀਮ ਨੇ ਦੁਨੀਆ ਦੇ ਸਭ ਤੋਂ ਲੰਬੇ ਹਵਾਈ ਮਾਰਗ ਉੱਤਰੀ ਧਰੁਵ ’ਤੇ ਉਡਾਣ ਭਰਨ ਦਾ ਰਿਕਾਰਡ ਬਣਾਇਆ ਹੈ। ਕਾਕਪਿਟ ’ਚ ਏਅਰ ਇੰਡੀਆ ਦੀਆਂ ਸਿਰਫ ਚਾਲਕ ਦਲ ਬੀਬੀਆਂ ਦੀ ਇਹ ਟੀਮ ਐਤਵਾਰ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਉਡਾਣ ਭਰਨ ਮਗਰੋਂ ਨਾਰਥ ਪੋਲ ਹੁੰਦੇ ਹੋਏ ਅੱਜ ਸਵੇਰ ਨੂੰ ਬੈਂਗਲੁਰੂ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚ ਗਈਆਂ ਹਨ। ਇਸ ਸਫ਼ਰ ਦੌਰਾਨ ਉਨ੍ਹਾਂ ਨੇ ਕਰੀਬ 16,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਉਡਾਣ ਦੇ ਭਾਰਤ ਲੈਂਡ ਕਰਦੇ ਹੀ ਏਅਰ ਇੰਡੀਆ ਨੇ ਆਪਣੇ ਟਵਿੱਟਰ ਹੈਂਡਲ ’ਤੇ ਪਾਇਲਟ ਬੀਬੀਆਂ ਦਾ ਸਵਾਗਤ ਕੀਤਾ। ਏਅਰ ਇੰਡੀਆ ਨੇ ਟਵੀਟ ਕਰ ਕੇ ਲਿਖਿਆ ਕਿ ਤੁਹਾਡਾ ਤੁਹਾਡੇ ਘਰ ’ਚ ਸਵਾਗਤ, ਸਾਨੂੰ ਤੁਹਾਡੇ ’ਤੇ ਮਾਣ ਹੈ। ਅਸੀਂ ਏਐਲ-176 ਦੇ ਯਾਤਰੀਆਂ ਨੂੰ ਵੀ ਵਧਾਈ ਦਿੰਦੇ ਹਾਂ, ਜੋ ਇਸ ਇਤਿਹਾਸਕ ਸਫ਼ਰ ਦਾ ਹਿੱਸਾ ਬਣੇ। ਦੱਸ ਦੇਈਏ ਕਿ ਇਹ ਜਹਾਜ਼ ਪੂਰੀ ਤਰ੍ਹਾਂ ਨਾਲ ਬੀਬੀ ਪਾਇਲਟ ਹੀ ਚਲਾ ਰਹੀਆਂ ਸਨ, ਜਿਨ੍ਹਾਂ ’ਚ ਕੈਪਟਨ ਜੋਇਆ ਅਗਰਵਾਲ, ਕੈਪਟਨ ਪਾਪਾਗਰੀ ਤਨਮਈ, ਕੈਪਟਨ ਸ਼ਿਵਾਨੀ ਅਤੇ ਕੈਪਟਨ ਆਕਾਂਕਸ਼ਾ ਸੋਨਵਰੇ ਸ਼ਾਮਲ ਸਨ ਅਤੇ ਇਸ ਜਹਾਜ਼ ਨੂੰ ਲੀਡ ਕੈਪਟਨ ਜੋਇਆ ਅਗਰਵਾਲ ਕਰ ਰਹੀ ਸੀ।
ਦੱਸ ਦੇਈਏ ਇਕ ਏਅਰ ਇੰਡੀਆ ਆਪਣੇ ਟਵਿੱਟਰ ਹੈਂਡਲ ’ਤੇ ਸਮੇਂ-ਸਮੇਂ ’ਤੇ ਜਾਣਕਾਰੀ ਦੇ ਰਿਹਾ ਸੀ। ਬੈਂਗਲੁਰੂ ਹਵਾਈ ਅੱਡੇ ’ਤੇ ਲੈਂਡਿੰਗ ਤੋਂ ਬਾਅਦ ਕੈਪਟਨ ਜੋਇਆ ਨੇ ਕਿਹਾ ਕਿ ਅੱਜ ਉੱਤਰੀ ਧਰੁਵ ’ਤੇ ਉਡਾਣ ਭਰ ਕੇ ਬੀਬੀ ਪਾਇਲਟ ਵਲੋਂ ਇਸ ਨੂੰ ਸਫ਼ਲਤਾਪੂਰਵਕ ਪੂਰਾ ਕਰ ਕੇ ਦੁਨੀਆ ’ਚ ਇਤਿਹਾਸ ਰਚ ਦਿੱਤਾ ਹੈ। ਸਾਨੂੰ ਸਾਰਿਆਂ ਨੂੰ ਇਸ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ।
ਨੋਟ- ਪਾਇਲਟ ਬੀਬੀਆਂ ਦੇ ਇਸ ਇਤਿਹਾਸਕ ਸਫ਼ਰ ਨੂੰ ਤੁਸੀਂ ਕਿਵੇ ਵੇਖਦੇ ਹੋ. ਕੁਮੈਂਟ ਬਾਕਸ ’ਚ ਦਿਓ ਜਵਾਬ