ਏਅਰ ਇੰਡੀਆ ਦੇ ਪਾਇਲਟ ਦਾ ਦਾਅਵਾ, ਝੜਦੇ ਵਾਲਾਂ ਦੇ ਇਲਾਜ ਕਾਰਨ ਕੀਤਾ ਬਰਖਾਸਤ
Monday, Jun 03, 2019 - 07:42 PM (IST)

ਨਵੀਂ ਦਿੱਲੀ– ਏਅਰ ਇੰਡੀਆ ਦੇ ਇਕ ਪਾਇਲਟ ਮੁਤਾਬਕ ਉਸ ਦੀ ਝੜਦੇ ਹੋਏ ਵਾਲਾਂ ਨੂੰ ਰੋਕਣ ਦੀ ਕੋਸ਼ਿਸ਼ ਦਾ ਨਤੀਜਾ ਇਹ ਹੋਇਆ ਕਿ ਉਸ ਦਾ ਉਡਾਣ ਲਾਇਸੰਸ ਤਿੰਨ ਸਾਲ ਲਈ ਰੱਦ ਕਰ ਦਿੱਤਾ ਗਿਆ। ਪਾਇਲਟ ਦਾ ਦਾਅਵਾ ਹੈ ਕਿ ਇਕ ਉਡਾਣ ਦੇ ਸੰਚਾਲਨ ਤੋਂ ਪਹਿਲਾਂ ਕੀਤੀ ਗਈ ਸਾਹ ਦੀ ਜਾਂਚ ’ਚ ਉਸ ਦੇ ਇਲਾਜ ’ਚ ਵਾਲਾਂ ਲਈ ਇਸਤੇਮਾਲ ਕੀਤੇ ਜਾਣ ਵਾਲੇ ਸੀਰਮ ’ਚ ਅਲਕੋਹਲ ਦਾ ਪਤਾ ਲੱਗਾ। ਘਟਨਾ ਪਿਛਲੇ ਸਾਲ ਦੀ ਹੈ ਅਤੇ ਪਾਇਲਟ ਨੇ ਉਸ ਨੂੰ ਬਰਖਾਸਤ ਕਰਨ ਦੇ ਡੀ. ਜੀ. ਸੀ. ਏ. ਅਤੇ ਨਾਗਰ ਜਹਾਜ਼ ਮੰਤਰਾਲਾ ਦੇ ਫੈਸਲੇ ਨੂੰ ਦਿੱਲੀ ਹਾਈਕੋਰਟ ’ਚ ਚੁਣੌਤੀ ਦਿੱਤੀ ਹੈ।
ਪਾਇਲਟ ਨੇ ਪਟੀਸ਼ਨ ’ਚ ਕਿਹਾ ਕਿ ਬ੍ਰੇਥ ਐਨਾਲਾਈਜਰ (ਬੀ. ਏ.) ਜਾਂਚ ’ਚ ਅਲਕੋਹਲ ਦਾ ਪੱਧਰ 0.16 ਤੋਂ 0.20 ਆਇਆ ਸੀ ਜੋ ਕੌਮਾਂਤਰੀ ਪੱਧਰ ’ਤੇ ਸਵੀਕਾਰਯੋਗ 0.40 ਦੇ ਮਾਪਦੰਡ ਤੋਂ ਘੱਟ ਸੀ। ਉਸ ਨੇ ਦਾਅਵਾ ਕੀਤਾ ਕਿ ਉਸੇ ਦਿਨ ਇਕ ਨਿੱਜੀ ਪ੍ਰਯੋਗਸ਼ਾਲਾ ਤੋਂ ਕਰਵਾਈ ਗਈ ਖੂਨ ਅਤੇ ਪਿਸ਼ਾਬ ਦੀ ਜਾਂਚ ’ਚ ਕੋਈ ਅਲਕੋਹਲ ਨਹੀਂ ਆਇਆ। ਨਾਗਰਿਕ ਹਵਾਬਾਜ਼ੀ ਡਾਇਰੈਕਟਰ ਜਨਰਲ (ਡੀ. ਜੀ. ਸੀ. ਏ.) ਨੇ ਮਈ 2018 ’ਚ ਪਾਇਲਟ ਨੂੰ ਤਿੰਨ ਸਾਲ ਲਈ ਬਰਖਾਸਤ ਕਰ ਦਿੱਤਾ ਸੀ। ਡੀ. ਜੀ. ਸੀ. ਏ. ਨੇ ਅਦਾਲਤ ਨੂੰ ਕਿਹਾ ਕਿ ਅਲਕੋਹਲ ਦਾ ਉਸ ਦਾ ਸਵੀਕਾਰਯੋਗ ਪੱਧਰ 0.0 ਹੈ। ਡੀ. ਜੀ. ਸੀ. ਏ. ਨੇ ਕਿਹਾ ਕਿ ਪਾਇਲਟ ਪਹਿਲਾਂ ਵੀ ਇਕ ਵਾਰ ਉਡਾਣ ਤੋਂ ਪਹਿਲਾਂ ਬੀ. ਏ. ਜਾਂਚ ’ਚ ਅਲਕੋਹਲ ਦੇ ਲਿਹਾਜ ਨਾਲ ਪਾਜ਼ੇਟਿਵ ਪਾਏ ਗਏ ਸਨ ਅਤੇ ਉਦੋਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਖੰਘ ਦੀ ਦਵਾਈ ਪੀਣ ਕਾਰਨ ਅਜਿਹਾ ਹੋਇਆ ਹੈ। ਹਾਈਕੋਰਟ ਨੇ ਮੰਤਰਾਲਾ ਅਤੇ ਡੀ. ਜੀ. ਸੀ. ਏ. ਨੂੰ ਚਿੱਠੀ ਲਿਖ ਕੇ ਉਨ੍ਹਾਂ ਤੋਂ ਪਾਇਲਟ ਦੀ ਪਟੀਸ਼ਨ ’ਤੇ ਜਵਾਬ ਮੰਗਿਆ ਹੈ।