ਮਿਗ-21 ਜਹਾਜ਼ਾਂ ਦੇ ਪੂਰੇ ਬੇੜੇ ਦੀ ਉਡਾਣ ’ਤੇ ਰੋਕ, ਇਸ ਵਜ੍ਹਾ ਤੋਂ ਲਿਆ ਗਿਆ ਇਹ ਫ਼ੈਸਲਾ

Sunday, May 21, 2023 - 10:14 AM (IST)

ਮਿਗ-21 ਜਹਾਜ਼ਾਂ ਦੇ ਪੂਰੇ ਬੇੜੇ ਦੀ ਉਡਾਣ ’ਤੇ ਰੋਕ, ਇਸ ਵਜ੍ਹਾ ਤੋਂ ਲਿਆ ਗਿਆ ਇਹ ਫ਼ੈਸਲਾ

ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਨੇ ਉਡਾਣ ਦੌਰਾਨ ਲਗਾਤਾਰ ਹਾਦਸੇ ਦਾ ਸ਼ਿਕਾਰ ਹੋ ਰਹੇ ਮਿਗ-21 ਜਹਾਜ਼ਾਂ ਦੇ ਪੂਰੇ ਬੇੜੇ ਦੀ ਉਡਾਣ ’ਤੇ ਰੋਕ ਲਾ ਦਿੱਤੀ ਹੈ। ਹਾਲ ਹੀ ’ਚ ਰਾਜਸਥਾਨ ’ਚ ਇਕ ਮਿਗ-21 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ’ਚ 3 ਲੋਕਾਂ ਦੀ ਮੌਤ ਹੋ ਗਈ ਸੀ। ਹਵਾਈ ਫੌਜ ਨੇ ਮਿਗ-21 ਜਹਾਜ਼ ਦੇ ਬੇੜੇ ਦੀ ਉਡਾਣ ’ਤੇ ਰੋਕ ਦਾ ਫੈਸਲਾ ਰਾਜਸਥਾਨ ’ਚ 2 ਹਫ਼ਤੇ ਪਹਿਲਾਂ ਹੋਏ ਹਾਦਸੇ ਤੋਂ ਬਾਅਦ ਲਿਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮਿਗ-21 ਲੜਾਕੂ ਜਹਾਜ਼ਾਂ ਦੀ ਉਡਾਣ ’ਤੇ ਰੋਕ ਲਾ ਦਿੱਤੀ ਗਈ ਹੈ, ਕਿਉਂਕਿ 8 ਮਈ ਨੂੰ ਹੋਏ ਹਾਦਸੇ ਦੀ ਜਾਂਚ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ- ਕੇਂਦਰ ਦੇ ਆਰਡੀਨੈਂਸ 'ਤੇ ਕੇਜਰੀਵਾਲ ਦੀ ਤਿੱਖੀ ਪ੍ਰਤੀਕਿਰਿਆ, ਕਿਹਾ-ਦਿੱਲੀ ਦੇ ਲੋਕਾਂ ਨਾਲ ਭੱਦਾ ਮਜ਼ਾਕ

ਅਜੇ ਤੱਕ ਹਵਾਈ ਫ਼ੌਜ ਕੋਲ ਮਿਗ-21 ਬਾਇਸਨ ਦੇ ਸਿਰਫ ਤਿੰਨ ਸਕੁਐਡਰਨ ਹਨ, ਇਕ ਸਕੁਐਡਰਨ 'ਚ ਲਗਭਗ 18 ਜਹਾਜ਼ ਸ਼ਾਮਲ ਹਨ। ਮਿਗ ਵੈਰੀਅੰਟ ਦੇ ਪਹਿਲੇ ਬੇੜੇ ਨੂੰ 1960 ਦੇ ਦਹਾਕੇ ’ਚ ਭਾਰਤੀ ਹਵਾਈ ਫੌਜ ’ਚ ਸ਼ਾਮਲ ਕੀਤਾ ਗਿਆ ਸੀ ਅਤੇ ਭਾਰਤ ਨੇ ਬਾਅਦ ਦੇ ਦਹਾਕਿਆਂ ’ਚ 700 ਤੋਂ ਜ਼ਿਆਦਾ ਮਿਗ ਵੈਰੀਅੰਟ ਦੇ ਜਹਾਜ਼ ਖਰੀਦੇ ਸਨ। ਹਵਾਈ ਫੌਜ ਨੂੰ ਆਪਣੇ ਪੁਰਾਣੇ ਲੜਾਕੂ ਬੇੜੇ ਨੂੰ ਬਦਲਣ ’ਚ ਮਦਦ ਕਰਨ ਲਈ ਰੱਖਿਆ ਮੰਤਰਾਲਾ ਨੇ ਪਿਛਲੇ ਸਾਲ ਫਰਵਰੀ ’ਚ 83 ਤੇਜਸ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨਾਲ 48,000 ਕਰੋੜ ਦਾ ਸੌਦਾ ਕੀਤਾ ਸੀ।

ਮਿਗ-21 ਨਾਲ 400 ਤੋਂ ਵੱਧ ਹਾਦਸੇ

1960 ਦੇ ਦਹਾਕੇ ਦੀ ਸ਼ੁਰੂਆਤ ’ਚ ਹਵਾਈ ਫੌਜ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਹੁਣ ਤੱਕ 400 ਮਿਗ-21 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਦੇ ਕਰੈਸ਼ ਰਿਕਾਰਡ ਨੂੰ ਵੇਖਦੇ ਹੋਏ ਇਸ ਨੂੰ ਫਲਾਈਂਗ ਕਾਫਿਨ ਯਾਨੀ ਉੱਡਦਾ ਤਾਬੂਤ ਨਾਂ ਦਿੱਤਾ ਗਿਆ। ਇਕ ਜ਼ਮਾਨੇ ਵਿਚ ਇਹ ਦੁਨੀਆ ਦੇ ਸਭ ਤੋਂ ਤਾਕਤਵਰ ਫਾਈਟਰ ਜਹਾਜ਼ ਵਿਚ ਸ਼ਾਮਲ ਸੀ। ਇਸ ਦੀ ਤੇਜ਼ ਰਫ਼ਤਾਰ ਅਤੇ ਮਾਰਕ ਸਮਰੱਥਾ ਦੇ ਅੱਗੇ ਅਮਰੀਕਾ ਵਰਗੇ ਦੇਸ਼ ਵੀ ਡਰਦੇ ਸਨ। ਇਹ ਇਕਲੌਤਾ ਅਜਿਹਾ ਲੜਾਕੂ ਜਹਾਜ਼ ਹੈ, ਜਿਸ ਨੂੰ ਦੁਨੀਆ ਭਰ ਦੇ 60 ਤੋਂ ਵੱਧ ਦੇਸ਼ਾਂ 'ਚ ਇਸਤੇਮਾਲ ਕੀਤਾ ਗਿਆ। 

ਇਹ ਵੀ ਪੜ੍ਹੋ-  ਸਿੱਕਮ 'ਚ ਫਸੇ 500 ਸੈਲਾਨੀਆਂ ਲਈ ਫ਼ਰਿਸ਼ਤਾ ਬਣ ਪਹੁੰਚੀ ਭਾਰਤੀ ਫ਼ੌਜ, ਸੁਰੱਖਿਅਤ ਕੱਢੇ ਬਾਹਰ

ਪੜਾਅਬੱਧ ਤਰੀਕੇ ਨਾਲ ਮਿਗ-21 ਨੂੰ ਹਟਾਏਗੀ ਹਵਾਈ ਫੌਜ

ਭਾਰਤੀ ਹਵਾਈ ਫੌਜ ’ਚ ਸਿਰਫ 3 ਮਿਗ-21 ਸਕਵਾਡ੍ਰਨ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ 2025 ਦੀ ਸ਼ੁਰੂਆਤ ’ਚ ਪੜਾਅਬੱਧ ਤਰੀਕੇ ਨਾਲ ਹਟਾ ਦਿੱਤਾ ਜਾਵੇਗਾ। ਹਵਾਈ ਫੌਜ ਦੇ ਕੋਲ 31 ਲੜਾਕੂ ਜਹਾਜ਼ ਸਕਵਾਡ੍ਰਨ ਹਨ, ਜਿਨ੍ਹਾਂ ’ਚ 3 ਮਿਗ-21 ਬਾਇਸਨ ਵੈਰੀਅੰਟ ਸ਼ਾਮਲ ਹਨ।

ਹਵਾਈ ਫੌਜ ਨੂੰ 60 ਸਾਲ ਪੁਰਾਣੇ ਜਹਾਜ਼ ਦੀ ਜ਼ਰੂਰਤ ਕਿਉਂ?

ਦਰਅਸਲ ਭਾਰਤੀ ਹਵਾਈ ਫੌਜ ਜਹਾਜ਼ਾਂ ਦੀ ਕਮੀ ਨਾਲ ਜੂਝ ਰਹੀ ਹੈ। ਚੀਨ ਅਤੇ ਪਾਕਿਸਤਾਨ ਨਾਲ ਮੁਕਾਬਲਾ ਕਰਨ ਲਈ ਹਵਾਈ ਫੌਜ ਨੂੰ 42 ਸਕਵਾਡ੍ਰਨ ਦੀ ਜ਼ਰੂਰਤ ਹੈ ਪਰ ਉਸ ਦੇ ਕੋਲ ਅਜੇ ਲਗਭਗ 32 ਸਕਵਾਡ੍ਰਨ ਹੀ ਹਨ। ਹਵਾਈ ਫੌਜ ਵੱਲੋਂ 3 ਸਾਲ ’ਚ ਮਿਗ-21 ਦੀ ਸਕਵਾਡ੍ਰਨ ਨੂੰ ਹਟਾ ਦਿੱਤਾ ਜਾਵੇਗਾ। ਜੇਕਰ ਮਿਗ-21 ਸਕਵਾਡ੍ਰਨ ਨੂੰ ਹੁਣੇ ਹਟਾ ਦਿੱਤਾ ਜਾਂਦਾ ਹੈ ਤਾਂ 50 ਜਹਾਜ਼ਾਂ ਦੀ ਕਮੀ ਹੋਰ ਹੋ ਜਾਵੇਗੀ।

ਇਹ ਵੀ ਪੜ੍ਹੋ- ਕਰਨਾਟਕ 'ਚ ਸਿੱਧਰਮਈਆ ਨੇ CM ਅਤੇ ਸ਼ਿਵਕੁਮਾਰ ਨੇ ਡਿਪਟੀ CM ਵਜੋਂ ਚੁੱਕੀ ਸਹੁੰ

ਮਿਗ-21 ਨਾਲ ਬੀਤੇ 2 ਸਾਲਾਂ ’ਚ ਹੋਏ ਵੱਡੇ ਹਾਦਸੇ

- 5 ਜਨਵਰੀ, 2021 ਰਾਜਸਥਾਨ ਦੇ ਸੂਰਤਗੜ੍ਹ ਦੇ ਕੋਲ ਮਿਗ-21 ਕ੍ਰੈਸ਼ ਹੋਇਆ
-17 ਮਾਰਚ, 2021 ਗਵਾਲੀਅਰ ਦੇ ਕੋਲ ਜਹਾਜ਼ ਹਾਦਸੇ ਦਾ ਸ਼ਿਕਾਰ, ਗਰੁੱਪ ਕੈਪਟਨ ਸ਼ਹੀਦ
- 21 ਮਈ, 2021 ਪੰਜਾਬ ਦੇ ਮੋਗਾ ’ਚ ਜਹਾਜ਼ ਕ੍ਰੈਸ਼, ਪਾਇਲਟ ਸ਼ਹੀਦ
- 25 ਅਗਸਤ, 2021 ਰਾਜਸਥਾਨ ਦੇ ਬਾੜਮੇਰ ਦੇ ਕੋਲ ਟ੍ਰੇਨਿੰਗ ਦੌਰਾਨ ਜਹਾਜ਼ ਕ੍ਰੈਸ਼
- 24 ਦਸੰਬਰ, 2021 ਜੈਸਲਮੇਰ ’ਚ ਜਹਾਜ਼ ਹਾਦਸੇ ਦਾ ਸ਼ਿਕਾਰ, ਪਾਇਲਟ ਸ਼ਹੀਦ
- 28 ਜੁਲਾਈ, 2022 ਬਾੜਮੇਰ ’ਚ ਟ੍ਰੇਨੀ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਸ਼ਹੀਦ


author

Tanu

Content Editor

Related News