AIIMS ਦਿੱਲੀ ਦੇ ਡਾਕਟਰਾਂ ਨੇ ਸੁਪਰੀਮ ਕੋਰਟ ਦੀ ਅਪੀਲ 'ਤੇ 11 ਦਿਨਾਂ ਬਾਅਦ ਹੜਤਾਲ ਕੀਤੀ ਖ਼ਤਮ
Thursday, Aug 22, 2024 - 08:25 PM (IST)
ਨੈਸ਼ਨਲ ਡੈਸਕ : ਏਮਜ਼ ਦੇ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਫੈਸਲਾ ਸੁਪਰੀਮ ਕੋਰਟ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਲਿਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਉਨ੍ਹਾਂ ਨੂੰ ਹੜਤਾਲੀ ਡਾਕਟਰਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਦੰਡਕਾਰੀ ਕਾਰਵਾਈ ਨੂੰ ਰੋਕਣ ਦਾ ਭਰੋਸਾ ਮਿਲਿਆ ਹੈ, ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲੀ ਹੈ। ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੀ ਅਪੀਲ ਤੇ ਨਿਰਦੇਸ਼ ਨੂੰ ਸਵਿਕਾਰ ਕਰਦੇ ਹੋਏ ਹੜਤਾਲ ਵਾਪਸ ਲੈਣ ਦਾ ਫੈਸਲਾ ਲਿਆ ਹੈ।
ਆਰਡੀਏ ਨੇ ਕਿਹਾ ਕਿ ਅਸੀਂ ਭਾਰਤ ਦੇ ਮਾਣਯੋਗ ਸੁਪਰੀਮ ਕੋਰਟ ਦੀ ਅਪੀਲ ਅਤੇ ਨਿਰਦੇਸ਼ਾਂ ਦੇ ਬਾਅਦ 11 ਦਿਨਾਂ ਦੀ ਲੰਬੀ ਹੜਤਾਲ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਅਸੀਂ ਆਰਜੀ. ਕਾਰ ਮੈਡੀਕਲ ਕਾਲਜ ਵਿੱਚ ਵਾਪਰੀ ਘਟਨਾ ਦਾ ਨੋਟਿਸ ਲੈਂਦੇ ਹਾਂ ਅਤੇ ਦੇਸ਼ ਭਰ ਵਿਚ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨਾਲ ਸਬੰਧਿਤ ਵਿਆਪਕ ਮੁੱਦਿਆਂ ਨੂੰ ਸੰਬੋਧਿਤ ਕਰਨ ਦੇ ਲਈ ਸੁਪਰੀਮ ਕੋਰਟ ਦੀ ਸ਼ਲਾਘਾ ਕਰਦੇ ਹਾਂ।
ਏਮਜ਼ ਦੇ ਡਾਕਟਰਾਂ ਨੇ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ 11 ਦਿਨਾਂ ਤੋਂ ਚੱਲੀ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ਆਰਐੱਮਐੱਲ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਨੇ ਵੀ ਹੜਤਾਲ ਖ਼ਤਮ ਕਰ ਦਿੱਤੀ ਹੈ। ਏਮਜ਼ ਅਤੇ ਆਰਐੱਮਐੱਲ ਹਸਪਤਾਲ ਤੋਂ ਬਾਅਦ ਹੁਣ ਇੰਦਰਾ ਗਾਂਧੀ ਹਸਪਤਾਲ ਦੇ ਡਾਕਟਰਾਂ ਨੇ ਵੀ ਹੜਤਾਲ ਵਾਪਸ ਲੈ ਲਈ ਹੈ। ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਇਕ ਟ੍ਰੇਨੀ ਮਹਿਲਾ ਡਾਕਟਰ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਵਿਰੋਧ ਵਿਚ 11 ਦਿਨ ਹੜਤਾਲ ਕਰ ਰਹੇ ਏਮਜ਼, ਦਿੱਲੀ ਦੇ ਰੈਜ਼ੀਡੈਂਟ ਡਾਕਟਰਾਂ ਨੇ ਕੰਮ 'ਤੇ ਵਾਪਸ ਆਉਣ ਦਾ ਐਲਾਨ ਕੀਤਾ ਹੈ।
ਐਸੋਸੀਏਸ਼ਨ ਨੇ ਇਹ ਵੀ ਕਿਹਾ ਕਿ ਉਹ ਹੈਲਥਕੇਅਰ ਵਰਕਰਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਲਈ ਵਕਾਲਤ ਕਰਨ ਲਈ ਵਚਨਬੱਧ ਹਨ ਅਤੇ ਨਿਆਂ ਦੀ ਪੈਰਵੀ ਵਿੱਚ ਉਨ੍ਹਾਂ ਦੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਸਦੀ ਮੁੱਖ ਜ਼ਿੰਮੇਵਾਰੀ ਮਰੀਜ਼ਾਂ ਦੀ ਦੇਖਭਾਲ ਜਾਰੀ ਰੱਖਣਾ ਹੈ ਅਤੇ ਉਹ ਅਜਿਹਾ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਐਸੋਸੀਏਸ਼ਨ ਨੇ ਸੰਕੇਤ ਦਿੱਤਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾਂਦੀ, ਉਹ ਡਿਊਟੀ ਸਮੇਂ ਤੋਂ ਬਾਅਦ ਪ੍ਰਤੀਕਾਤਮਕ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।