ਅਹਿਮਦਾਬਾਦ ਨੇੜੇ ਬੁਲੇਟ ਟਰੇਨ ਪ੍ਰਾਜੈਕਟ ਵਾਲੀ ਥਾਂ ’ਤੇ ਹਾਦਸਾ, 25 ਟਰੇਨਾਂ ਰੱਦ
Tuesday, Mar 25, 2025 - 01:02 AM (IST)

ਅਹਿਮਦਾਬਾਦ, (ਭਾਸ਼ਾ)- ਅਹਿਮਦਾਬਾਦ ਨੇੜੇ ਬੁਲੇਟ ਟਰੇਨ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ ਪੁਲ ’ਤੇ ਲਗਾਇਆ ਗਿਆ ਲਾਂਚਿੰਗ ਗਾਰਡਰ ਡਿੱਗ ਗਿਆ, ਜਿਸ ਕਾਰਨ ਨੇੜਲੀ ਰੇਲਵੇ ਲਾਈਨ ’ਤੇ ਕਈ ਰੇਲਗੱਡੀਆਂ ਦੀ ਆਵਾਜਾਈ ਵਿਚ ਵਿਘਨ ਪਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਨੈਸ਼ਨਲ ਹਾਈ-ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨ. ਐੱਚ. ਐੱਸ. ਆਰ. ਸੀ. ਐੱਲ.) ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਲੱਗਭਗ 11 ਵਜੇ ਵਟਵਾ ਵਿਖੇ ਵਾਪਰਿਆ।
ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਮੌਜੂਦਾ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਅਹਿਮਦਾਬਾਦ ਰੇਲਵੇ ਡਵੀਜ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਕਾਰਨ ਘੱਟੋ-ਘੱਟ 25 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ 15 ਰੇਲਗੱਡੀਆਂ ਨੂੰ ਅੰਸ਼ਕ ਤੌਰ ’ਤੇ ਰੱਦ ਕਰ ਦਿੱਤਾ ਗਿਆ । ਇਸ ਤੋਂ ਇਲਾਵਾ, 5 ਟਰੇਨਾਂ ਦੇ ਸਮੇਂ ਨੂੰ ਮੁੜ ਨਿਰਧਾਰਤ ਕੀਤਾ ਗਿਆ ਸੀ ਅਤੇ 6 ਟਰੇਨਾਂ ਦੇ ਰੂਟ ਬਦਲੇ ਗਏ।