ਅਗਨੀਪਥ ਯੋਜਨਾ: ਦੇਸ਼ ਭਰ ’ਚ ਵਿਰੋਧ ਦਰਮਿਆਨ ਗ੍ਰਹਿ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ
Saturday, Jun 18, 2022 - 10:07 AM (IST)
 
            
            ਨਵੀਂ ਦਿੱਲੀ- ਕੇਂਦਰ ਸਰਕਾਰ ਦੀ ‘ਅਗਨੀਪਥ ਭਰਤੀ ਯੋਜਨਾ’ ਨੂੰ ਲੈ ਕੇ ਦੇਸ਼ ਭਰ ਦੇ ਕਈ ਸੂਬਿਆਂ ’ਚ ਉਬਾਲ ਹੈ। ਇਸ ਯੋਜਨਾ ਨੂੰ ਲੈ ਕੇ ਨੌਜਵਾਨ, ਸਰਕਾਰ ਖ਼ਿਲਾਫ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਗ੍ਰਹਿ ਮੰਤਰਾਲਾ ਨੇ ਹੁਣ ਇਕ ਵੱਡਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲਾ ਨੇ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਅਤੇ ਆਸਾਮ ਰਾਈਫਲਜ਼ ’ਚ ਹੋਣ ਵਾਲੀਆਂ ਭਰਤੀਆਂ ’ਚ ਅਗਨੀਪਥ ਯੋਜਨਾ ਤਹਿਤ 4 ਸਾਲ ਪੂਰਾ ਕਰਨ ਵਾਲੇ ਅਗਨੀਵੀਰਾਂ ਨੂੰ 10 ਫ਼ੀਸਦੀ ਰਾਖਵਾਂਕਰਨ ਦੇਣ ਦਾ ਮਹੱਤਵਪੂਰਨ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲਾ ਨੇ ਅਗਨੀਵੀਰਾਂ ਦੇ ਰੂਪ ’ਚ ਸੇਵਾ ਪੂਰੀ ਕਰਨ ਵਾਲਿਆਂ ਲਈ ਵੱਧ ਤੋਂ ਵੱਧ ਉਮਰ ਹੱਦ ’ਚ ਵੀ ਛੋਟ ਦਾ ਐਲਾਨ ਕਰ ਦਿੱਤਾ ਹੈ। ਮੰਤਰਾਲਾ ਮੁਤਾਬਕ ਅਗਨੀਵੀਰਾਂ ਦੀ ਉਮਰ ਹੱਦ ’ਚ 3 ਸਾਲ ਦੀ ਛੋਟ ਦਿੱਤੀ ਜਾਵੇਗੀ। ਅਗਨੀਪਥ ਯੋਜਨਾ ਤਹਿਤ ਭਰਤੀ ਅਗਨੀਵੀਰਾਂ ਦੇ ਪਹਿਲੇ ਬੈਚ ਲਈ 5 ਸਾਲ ਦੀ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਰਾਜਨਾਥ ਸਿੰਘ ਨੇ ਕੀਤਾ ‘ਅਗਨੀਪੱਥ ਭਰਤੀ ਯੋਜਨਾ’ ਦਾ ਐਲਾਨ, ਜਾਣੋ ਕੀ ਹੈ ਇਹ ਸਕੀਮ

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਤਿੰਨਾਂ ਸੈਨਾਵਾਂ ’ਚ ਭਰਤੀ ਲਈ ਅਗਨੀਪਥ ਯੋਜਨਾ ਦਾ ਐਲਾਨ ਕੀਤਾ ਸੀ। ਫੌਜ ਵਿਚ ਅਗਨੀਪਥ ਯੋਜਨਾ ਤਹਿਤ ਅਗਨੀਵੀਰਾਂ ਨੂੰ 4 ਸਾਲ ਲਈ ਭਰਤੀ ਕੀਤਾ ਜਾਣਾ ਹੈ। ਅਸਾਮ ਰਾਈਫਲਜ਼ ਅਤੇ CAPF ਦੀ ਭਰਤੀ ਵਿਚ ਅਗਨੀਵੀਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਅਗਨੀਵੀਰ ਨਾਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਫੌਜ 'ਚ 4 ਸਾਲ ਦੀ ਨੌਕਰੀ, 6.9 ਲੱਖ ਤੱਕ ਦਾ ਸਾਲਾਨਾ ਪੈਕੇਜ, ਜਾਣੋ ਕੀ ਹੈ ਅਗਨੀਪਥ ਯੋਜਨਾ
ਅਗਨੀਪਥ ਯੋਜਨਾ ਖਿਲਾਫ ਦੇਸ਼ ਭਰ 'ਚ ਪ੍ਰਦਰਸ਼ਨ
ਗ੍ਰਹਿ ਮੰਤਰਾਲੇ ਨੇ ਅਗਨੀਵੀਰਾਂ ਨੂੰ ਲੈ ਕੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ, ਜਦੋਂ ਦੇਸ਼ ਭਰ 'ਚ ਇਸ ਦੇ ਖ਼ਿਲਾਫ ਪ੍ਰਦਰਸ਼ਨ ਹੋ ਰਹੇ ਹਨ। ਅਗਨੀਪਥ ਯੋਜਨਾ ਤਹਿਤ ਅਗਨੀਵੀਰਾਂ ਨੂੰ 4 ਸਾਲਾਂ ਲਈ ਭਰਤੀ ਕੀਤਾ ਜਾਣਾ ਹੈ। ਇਨ੍ਹਾਂ ’ਚੋਂ 25 ਫੀਸਦੀ ਅਗਨੀਵੀਰਾਂ ਨੂੰ ਫੌਜ ਦੇ ਸਥਾਈ ਕੇਡਰ ਵਿਚ ਭਰਤੀ ਕੀਤਾ ਜਾਵੇਗਾ। ਯੋਜਨਾ ਮੁਤਾਬਕ 75 ਫੀਸਦੀ ਅਗਨੀਵੀਰਾਂ ਨੂੰ 4 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਸੇਵਾ ਤੋਂ ਮੁਕਤ ਕਰ ਦਿੱਤਾ ਜਾਵੇਗਾ। 4 ਸਾਲ ਦੀ ਸੇਵਾ ਤੋਂ ਬਾਅਦ ਅਗਨੀਵੀਰ ਕੀ ਕਰੇਗਾ, ਇਹ ਯੋਜਨਾ ਦਾ ਐਲਾਨ ਹੋਣ ਦੇ ਦਿਨ ਤੋਂ ਹੀ ਵੱਡਾ ਸਵਾਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ‘ਅਗਨੀਪਥ’ ਭਰਤੀ ਯੋਜਨਾ ਨੂੰ ਲੈ ਕੇ ਬਿਹਾਰ ਸਮੇਤ ਕਈ ਸੂਬਿਆਂ ’ਚ ਉਬਾਲ, ਫੂਕੀਆਂ ਰੇਲਾਂ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            