ਵੱਡੀ ਲਾਪਰਵਾਹੀ! UP ਦੀ ਮਹਿਲਾ ਦੇ ਪੇਟ ''ਚ ਛੱਡਿਆ ਸਰਜੀਕਲ ਔਜ਼ਾਰ, 15 ਡਾਕਟਰਾਂ ''ਤੇ FIR
Wednesday, Jan 07, 2026 - 09:23 PM (IST)
ਲਖਨਊ: ਰਾਜਧਾਨੀ ਲਖਨਊ ਦੇ ਠਾਕੁਰਗੰਜ ਇਲਾਕੇ ਵਿੱਚ ਸਥਿਤ ਮਸ਼ਹੂਰ ਏਰਾ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਡਾਕਟਰਾਂ ਦੀ ਗੰਭੀਰ ਲਾਪਰਵਾਹੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਾਕਟਰਾਂ ਨੇ ਇੱਕ ਮਹਿਲਾ ਦੇ ਆਪਰੇਸ਼ਨ ਦੌਰਾਨ ਉਸ ਦੇ ਪੇਟ ਵਿੱਚ ਸਰਜੀਕਲ ਔਜ਼ਾਰ (ਇੰਸਟਰੂਮੈਂਟ) ਛੱਡ ਦਿੱਤਾ, ਜਿਸ ਕਾਰਨ ਮਹਿਲਾ ਨੂੰ ਕਰੀਬ ਢਾਈ ਸਾਲਾਂ ਤੱਕ ਅਸਹਿ ਦਰਦ ਝੱਲਣਾ ਪਿਆ। ਅਦਾਲਤ ਦੇ ਸਖ਼ਤ ਹੁਕਮਾਂ ਤੋਂ ਬਾਅਦ ਪੁਲਸ ਨੇ 15 ਡਾਕਟਰਾਂ ਵਿਰੁੱਧ ਧੋਖਾਧੜੀ ਅਤੇ ਜਾਨਲੇਵਾ ਲਾਪਰਵਾਹੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਢਾਈ ਸਾਲਾਂ ਤੱਕ ਦਰਦ ਨਾਲ ਤੜਫਦੀ ਰਹੀ ਪੀੜਤਾ
ਐਲਡਿਕੋ ਸਿਟੀ ਦੀ ਰਹਿਣ ਵਾਲੀ ਪੀੜਤਾ ਰੂਪ ਸਿੰਘ ਨੇ ਦੱਸਿਆ ਕਿ ਫਰਵਰੀ 2023 ਵਿੱਚ ਪੇਟ ਦਰਦ ਕਾਰਨ ਉਸ ਨੂੰ ਏਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਆਪਰੇਸ਼ਨ ਦੌਰਾਨ ਡਾਕਟਰਾਂ ਨੇ ਲਾਪਰਵਾਹੀ ਵਰਤਦਿਆਂ ਉਸ ਦੇ ਪੇਟ ਵਿੱਚ ਸਰਜੀਕਲ ਔਜ਼ਾਰ ਛੱਡ ਦਿੱਤਾ ਅਤੇ ਉੱਪਰੋਂ ਟਾਂਕੇ ਲਗਾ ਕੇ ਘਰ ਭੇਜ ਦਿੱਤਾ। ਇਸ ਤੋਂ ਬਾਅਦ ਮਹਿਲਾ ਨੂੰ ਲਗਾਤਾਰ ਦਰਦ ਹੁੰਦਾ ਰਿਹਾ, ਪਰ ਹਸਪਤਾਲ ਪ੍ਰਸ਼ਾਸਨ ਨੇ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਸਿਰਫ ਦਰਦ ਨਿਵਾਰਕ ਦਵਾਈਆਂ (Painkillers) ਦਿੱਤੀਆਂ ਅਤੇ ਇਸ ਦੌਰਾਨ ਲੱਖਾਂ ਰੁਪਏ ਵਸੂਲ ਲਏ।
ਰਿਪੋਰਟ ਲੁਕਾਉਣ ਦੀ ਕੋਸ਼ਿਸ਼ ਤੇ ਦੂਜੇ ਹਸਪਤਾਲ 'ਚ ਖੁਲਾਸਾ
ਅਗਸਤ 2025 ਵਿੱਚ ਜਦੋਂ ਦਰਦ ਬਹੁਤ ਜ਼ਿਆਦਾ ਵਧ ਗਿਆ ਤਾਂ ਏਰਾ ਹਸਪਤਾਲ ਵਿੱਚ ਹੀ ਅਲਟਰਾਸਾਊਂਡ ਕਰਵਾਇਆ ਗਿਆ, ਜਿਸ ਵਿੱਚ ਪੇਟ ਅੰਦਰ ਔਜ਼ਾਰ ਸਾਫ਼ ਦਿਖਾਈ ਦੇ ਰਿਹਾ ਸੀ। ਦੋਸ਼ ਹੈ ਕਿ ਡਾਕਟਰਾਂ ਨੇ ਇਸ ਰਿਪੋਰਟ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਅਤੇ ਝੂਠੀ ਰਿਪੋਰਟ ਬਣਾ ਕੇ ਇਸ ਨੂੰ ਅਪੈਂਡਿਸਾਈਟਿਸ (Appendicitis) ਦੱਸਦਿਆਂ ਦੁਬਾਰਾ ਆਪਰੇਸ਼ਨ ਦੀ ਸਲਾਹ ਦਿੱਤੀ। ਸ਼ੱਕ ਹੋਣ 'ਤੇ ਮਹਿਲਾ ਨੇ ਦੂਜੇ ਹਸਪਤਾਲ ਵਿੱਚ ਜਾਂਚ ਕਰਵਾਈ, ਜਿੱਥੇ 20 ਅਗਸਤ 2025 ਨੂੰ ਸਰਜਰੀ ਕਰਕੇ ਉਸ ਦੇ ਪੇਟ ਵਿੱਚੋਂ ਔਜ਼ਾਰ ਬਾਹਰ ਕੱਢਿਆ ਗਿਆ।
ਅਦਾਲਤ ਦੇ ਹੁਕਮਾਂ 'ਤੇ ਹੋਈ ਕਾਰਵਾਈ
ਇਸ ਲਾਪਰਵਾਹੀ ਕਾਰਨ ਮਹਿਲਾ ਦੇ ਸਰੀਰ ਵਿੱਚ ਇਨਫੈਕਸ਼ਨ ਫੈਲ ਗਈ ਅਤੇ ਉਸ ਦੀ ਹਾਲਤ ਇੰਨੀ ਵਿਗੜ ਗਈ ਕਿ ਉਸ ਨੂੰ ਆਈ.ਸੀ.ਯੂ. (ICU) ਵਿੱਚ ਭਰਤੀ ਕਰਨਾ ਪਿਆ। ਮਾਮਲਾ ਅਦਾਲਤ ਤੱਕ ਪਹੁੰਚਣ ਤੋਂ ਬਾਅਦ, ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਅਦਾਲਤ ਨੇ ਠਾਕੁਰਗੰਜ ਥਾਣੇ ਨੂੰ ਐੱਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ। ਪੁਲਸ ਨੇ ਹਸਪਤਾਲ ਦੇ 13 ਡਾਕਟਰਾਂ ਅਤੇ 2 ਮਾਲਕਾਂ ਸਮੇਤ ਕੁੱਲ 15 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
