ਹਾਈ ਵੋਲਟੇਜ ਡਰਾਮੇ ਤੋਂ ਬਾਅਦ CBI ਨੇ ਪੀ. ਚਿਦਾਂਬਰਮ ਨੂੰ ਕੀਤਾ ਗ੍ਰਿਫਤਾਰ

08/21/2019 10:35:29 PM

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੂੰ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਸੀ. ਬੀ. ਆਈ. ਨੇ ਗ੍ਰਿਫਤਾਰ ਕਰ ਲਿਆ ਹੈ। ਆਈ. ਐੱਨ. ਐਕਸ. ਮੀਡੀਆ ਮਾਮਲੇ ਵਿਚ ਦਿੱਲੀ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਤੋਂ ਹੀ ਚਿਦਾਂਬਰਮ ਗਾਇਬ ਸਨ ਅਤੇ ਸੀ. ਬੀ. ਆਈ. ਅਤੇ ਈ. ਡੀ. ਉਨ੍ਹਾਂ ਦੀ ਤਲਾਸ਼ ਕਰ ਰਹੀ ਸੀ।

ਰਾਤ ਨੂੰ ਅਚਾਨਕ ਪੀ. ਚਿਦਾਂਬਰਮ ਕਾਂਗਰਸ ਮੁੱਖ ਦਫਤਰ ਪਹੁੰਚੇ ਅਤੇ ਆਪਣੇ ਉਪਰ ਲੱਗੇ ਦੋਸ਼ਾਂ ਦਾ ਖੰਡਨ ਕੀਤਾ। ਉਨ੍ਹਾਂ ਦੇ ਕਾਂਗਰਸ ਮੁੱਖ ਦਫਤਰ ਪਹੁੰਚਣ ਦੀ ਜਾਣਕਾਰੀ ਮਿਲਦਿਆਂ ਹੀ ਸੀ. ਬੀ. ਆਈ. ਦੀ ਟੀਮ ਵੀ ਉਥੋਂ ਲਈ ਰਵਾਨਾ ਹੋ ਗਈ। ਹਾਲਾਂਕਿ ਉਨ੍ਹਾਂ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਚਿਦਾਂਬਰਮ ਆਪਣੇ ਘਰ ਚਲੇ ਗਏ। ਸੀ. ਬੀ. ਆਈ. ਟੀਮ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਚਲੀ ਗਈ। ਦਰਵਾਜ਼ਾ ਨਾ ਖੋਲ੍ਹਣ ’ਤੇ ਸੀ. ਬੀ. ਆਈ. ਦੇ ਅਧਿਕਾਰੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ। ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ 305 ਕਰੋੜ ਦੇ ਆਈ. ਐੱਨ. ਐੱਕਸ. ਮੀਡੀਆ ਮਾਮਲੇ ਵਿਚ ਚਿਦਾਂਬਰਮ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਸੀ. ਬੀ. ਆਈ. ਤੇ ਈ. ਡੀ. ਨੇ ਉਨ੍ਹਾਂ ਦੇ ਜੋਰਬਾਗ ਸਥਿਤ ਘਰ ’ਤੇ ਛਾਪਾ ਮਾਰਿਆ ਸੀ ਪਰ ਉਹ ਘਰ ਨਹੀਂ ਮਿਲੇ ਸਨ।

ਸੀ. ਬੀ. ਆਈ. ਬੁੱਧਵਾਰ ਸਵੇਰੇ ਵੀ ਚਿਦਾਂਬਰਮ ਦੇ ਘਰ ਉਨ੍ਹਾਂ ਨੂੰ ਲੱਭਣ ਲਈ ਪਹੁੰਚੀ ਪਰ ਉਦੋਂ ਵੀ ਨਿਰਾਸ਼ਾ ਹੀ ਹੱਥ ਲੱਗੀ ਸੀ। ਚਿਦਾਂਬਰਮ ’ਤੇ ਆਈ. ਐੱਨ. ਐਕਸ. ਮੀਡੀਆ ਨੂੰ ਫੋਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ ਤੋਂ ਗੈਰ-ਕਾਨੂੰਨੀ ਤੌਰ ’ਤੇ ਪ੍ਰਵਾਨਗੀ ਦੇਣ ਲਈ ਰਿਸ਼ਵਤ ਲੈਣ ਦਾ ਦੋਸ਼ ਹੈ।


Inder Prajapati

Content Editor

Related News