ਮਮਤਾ ਦੇ ਟੈਲੀਫੋਨ ਤੋਂ ਬਾਅਦ ਪੀ. ਕੇ. ਨੂੰ ਮਿਲੇ ਅਖਿਲੇਸ਼, ਰੋਡਮੈਪ ਤਿਆਰ ਕਰਨ ਲਈ ਕਿਹਾ
Sunday, Jun 06, 2021 - 11:17 AM (IST)
ਨਵੀਂ ਦਿੱਲੀ– ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀ. ਕੇ.) ਅਤੇ ਭਾਜਪਾ ਵਿਚ ਤਿੱਖੀ ਲੜਾਈ ਤੋਂ ਬਾਅਦ ਹੁਣ ਫਰਵਰੀ 2022 ਵਿਚ ਉੱਤਰ ਪ੍ਰਦੇਸ਼ ਵਿਚ ਵੀ ਅਜਿਹਾ ਹੀ ਸੰਘਰਸ਼ ਦੇਖਣ ਨੂੰ ਮਿਲ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੀ. ਕੇ. ਦੀ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਲੰਬੀ ਗੱਲਬਾਤ ਹੋਈ। ਪਤਾ ਲੱਗਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਖਿਲੇਸ਼ ਨੂੰ ਟੈਲੀਫੋਨ ਕਰ ਕੇ ਇਹ ਬੈਠਕ ਕਰਵਾਈ। ਮਮਤਾ ਚਾਹੁੰਦੀ ਹੈ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ ਹਰਾਉਣ ਲਈ ਅਖਿਲੇਸ਼ ਪੀ. ਕੇ. ਦੀ ਮਦਦ ਲੈਣ। ਉਹ ਚਾਹੁੰਦੀ ਹੈ ਕਿ ਅਖਿਲੇਸ਼ ਜਿੱਤਣ ਕਿਉਂਕਿ ਇਸ ਨਾਲ ਭਾਜਪਾ-ਵਿਰੋਧੀ ਤਾਕਤਾਂ ਦੇ ਇਕਜੁੱਟ ਹੋਣ ਦਾ ਰਸਤਾ ਬਣੇਗਾ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਪੀ. ਕੇ. ਦਾ ਅਖਿਲੇਸ਼ ਨਾਲ ਥੋੜਾ-ਬਹੁਤ ਸੰਪਰਕ ਹੋਇਆ ਸੀ। ਉਸ ਸਮੇਂ ਪੀ. ਕੇ. ਕਾਂਗਰਸ ਨੂੰ ਸਲਾਹ ਦੇ ਰਹੇ ਸਨ। ਉਸ ਸਮੇਂ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚ ਗਠਜੋੜ ਨਹੀਂ ਬਣ ਸਕਿਆ ਸੀ ਕਿਉਂਕਿ ਕਾਂਗਰਸ ਨੇਤਾ ਉਨ੍ਹਾਂ ਦੇ ਸੁਝਾਅ ਮੰਨਣ ਲਈ ਤਿਆਰ ਨਹੀਂ ਹੋਏ ਸਨ। ਪੀ. ਕੇ. ਨਾਲ ਜੁੜੇ ਸੂਤਰਾਂ ਨੇ ਲਖਨਊ ਵਿਚ ਅਖਿਲੇਸ਼ ਦੇ ਨਾਲ ਉਨ੍ਹਾਂ ਦੀ ਬੈਠਕ ਨੂੰ ਲੈ ਕੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਦੱਸਿਆ ਗਿਆ ਹੈ ਕਿ ਅਖਿਲੇਸ਼ ਯਾਦਵ ਨੇ ਪੀ. ਕੇ. ਨੂੰ ਰੋਡਮੈਪ ਬਣਾਉਣ ਲਈ ਕਿਹਾ ਹੈ। ਉੱਤਰ ਪ੍ਰਦੇਸ਼ ਵਿਚ ਵਿਰੋਧੀ ਧਿਰ ਖਿਲਰਿਆ ਪਿਆ ਹੈ। ਬਹੁਜਨ ਸਮਾਜ ਪਾਰਟੀ ਦੇ ਨਾਲ ਸੰਖੇਪ ਗਠਜੋੜ ਤੋਂ ਬਾਅਦ ਉਹ ਅਗਲੀਆਂ ਚੋਣਾਂ ਵਿਚ ਇਕੱਲੇ ਮੈਦਾਨ ਵਿਚ ਉਤਰੇਗੀ।
ਕਾਂਗਰਸ ਪ੍ਰਿਯੰਕਾ ਵਢੇਰਾ ਦੀ ਅਗਵਾਈ ਵਿਚ ਆਪਣੇ ਆਪ ਨੂੰ ਮੁੜ ਜ਼ਿੰਦਾ ਕਰਨ ਦੇ ਯਤਨ ਕਰ ਰਹੀ ਹੈ ਅਤੇ ਉਹ ਟਵਿੱਟਰ ’ਤੇ ਵਧੇਰੇ ਸਰਗਰਮ ਹੈ। ਰਾਸ਼ਟਰੀ ਲੋਕਦਲ ਵੀ ਆਪਣੇ ਯੁਵਾ ਪ੍ਰਧਾਨ ਜਯੰਤ ਚੌਧਰੀ ਦੀ ਛਤਰ-ਛਾਇਆ ਵਿਚ ਪਰ ਤੋਲ ਰਿਹਾ ਹੈ। ਭਾਜਪਾ ਵਿਚ ਧੜੇਬੰਦੀ ਜ਼ੋਰਾਂ ’ਤੇ ਹੈ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵਿਰੋਧੀਆਂ ਨੇ ਬਗਾਵਤ ਦਾ ਝੰਡਾ ਉਠਾ ਲਿਆ ਹੈ। ਅਜਿਹੀਆਂ ਅਫਵਾਹਾਂ ਹਨ ਕਿ ਦਿੱਲੀ ਵਿਚ ਹਾਈਕਮਾਨ ਦੇ ਇਸ਼ਾਰੇ ’ਤੇ ਇਹ ਬਾਗੀ ਆਪਣੇ ਸਿਰ ਉਠਾ ਰਹੇ ਹਨ। ਇਸ ਪਿਛੋਕੜ ਵਿਚ ਸਮਾਜਵਾਦੀ ਪ੍ਰਧਾਨ ਉੱਤਰ ਪ੍ਰਦੇਸ਼ ਵਿਚ ਭਾਜਪਾ ਦੇ ਬਦਲ ਦੇ ਰੂਪ ਵਿਚ ਉਭਰਨ ਦੀ ਉਮੀਦ ਲਗਾਈ ਬੈਠੇ ਹਨ।