ਬਾਬਾ ਸਿੱਦਕੀ ਦੀ ਮੌਤ ਤੋਂ ਬਾਅਦ ਬਿੱਗ ਬੌਸ ਦੀ ਸ਼ੂਟਿੰਗ ਰੋਕ ਲੀਲਾਵਤੀ ਹਸਪਤਾਲ ਪਹੁੰਚੇ ਸਲਮਾਨ

Sunday, Oct 13, 2024 - 12:55 AM (IST)

ਨੈਸ਼ਨਲ ਡੈਸਕ - ਬਾਬਾ ਸਿੱਦਕੀ ਦੀ ਮੌਤ ਤੋਂ ਬਾਅਦ ਸਲਮਾਨ ਖਾਨ ਨੇ ਬਿੱਗ ਬੌਸ 18 ਦੀ ਸ਼ੂਟਿੰਗ ਰੱਦ ਕਰ ਦਿੱਤੀ ਹੈ। ਆਪਣੀ ਸ਼ੂਟਿੰਰ ਰੋਕ ਸਲਮਾਨ ਖਾਨ ਲੀਲਾਵਤੀ ਹਸਪਤਾਲ ਪਹੁੰਚੇ ਹਨ। ਉਥੇ ਹੀ ਸ਼ਿਲਪਾ ਸ਼ੈੱਟੀ ਵੀ ਹਸਪਤਾਲ ਪਹੁੰਚੀ ਹਨ। ਦੱਸ ਦਈਏ ਕਿ ਬਾਬਾ ਸਿੱਦੀਕੀ ਨਾ ਸਿਰਫ ਰਾਜਨੀਤੀ ਦੇ ਇੱਕ ਦਿੱਗਜ ਸਨ, ਬਲਕਿ ਉਨ੍ਹਾਂ ਨੇ ਬਾਲੀਵੁੱਡ ਦੇ ਦੋ ਸੁਪਰਸਟਾਰਾਂ, ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸਾਲ 2008 'ਚ ਕੈਟਰੀਨਾ ਕੈਫ ਦੇ ਜਨਮਦਿਨ ਦੀ ਪਾਰਟੀ 'ਚ ਦੋਵਾਂ ਵਿਚਾਲੇ ਵੱਡੀ ਲੜਾਈ ਹੋਈ ਸੀ, ਜਿਸ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਇਸ ਲੜਾਈ ਤੋਂ ਬਾਅਦ ਸਲਮਾਨ ਅਤੇ ਸ਼ਾਹਰੁਖ ਨੇ ਵੱਡੇ ਇਵੈਂਟਸ 'ਚ ਵੀ ਇਕ-ਦੂਜੇ ਤੋਂ ਦੂਰੀ ਬਣਾਈ ਰੱਖੀ ਅਤੇ ਉਨ੍ਹਾਂ ਦੇ ਰਿਸ਼ਤੇ ਬੇਹੱਦ ਤਣਾਅਪੂਰਨ ਹੋ ਗਏ।

ਪਰ 2013 'ਚ ਬਾਬਾ ਸਿੱਦਕੀ ਨੇ ਦੋਵਾਂ ਨੂੰ ਆਪਣੀ ਮਸ਼ਹੂਰ ਇਫਤਾਰ ਪਾਰਟੀ 'ਚ ਬੁਲਾਇਆ, ਜਿੱਥੇ ਦੋਵੇਂ ਸਿਤਾਰੇ ਲੰਬੇ ਸਮੇਂ ਬਾਅਦ ਇਕ-ਦੂਜੇ ਨੂੰ ਮਿਲੇ। ਇਸ ਪਾਰਟੀ 'ਚ ਸ਼ਾਹਰੁਖ ਅਤੇ ਸਲਮਾਨ ਨੇ ਇਕ ਦੂਜੇ ਨੂੰ ਗਲੇ ਲਗਾ ਕੇ ਆਪਣੀ ਪੰਜ ਸਾਲ ਦੀ ਦੁਸ਼ਮਣੀ ਨੂੰ ਖਤਮ ਕੀਤੀ। ਇਹ ਪਲ ਬਾਲੀਵੁੱਡ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਖਾਸ ਸੀ, ਕਿਉਂਕਿ ਦੋਵਾਂ ਸੁਪਰਸਟਾਰਾਂ ਦੀ ਦੁਸ਼ਮਣੀ ਨੇ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਸੀ। ਇਸ ਪਾਰਟੀ ਤੋਂ ਬਾਅਦ ਦੋਹਾਂ ਵਿਚਾਲੇ ਕੁੜੱਤਣ ਖਤਮ ਹੋ ਗਈ ਅਤੇ ਹੁਣ ਦੋਵੇਂ ਇਕ-ਦੂਜੇ ਦੇ ਚੰਗੇ ਦੋਸਤ ਮੰਨੇ ਜਾਂਦੇ ਹਨ।

ਬਾਬਾ ਸਿੱਦਕੀ ਦਾ ਕਤਲ
NCP ਨੇਤਾ ਬਾਬਾ ਸਿੱਦਕੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸ਼ਨੀਵਾਰ ਦੇਰ ਰਾਤ ਮੁੰਬਈ ਦੇ ਬਾਂਦਰਾ ਈਸਟ 'ਚ ਉਨ੍ਹਾਂ 'ਤੇ ਕਈ ਰਾਉਂਡ ਫਾਇਰ ਕੀਤੇ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਛਾਤੀ ਅਤੇ ਪੇਟ ਵਿਚ 2-3 ਗੋਲੀਆਂ ਲੱਗੀਆਂ ਹਨ। ਉਹ ਆਪਣੇ ਬੇਟੇ ਜੀਸ਼ਾਨ ਸਿੱਦਕੀ ਦੇ ਦਫ਼ਤਰ ਗਏ ਹੋਏ ਸਨ। ਉਸੇ ਸਮੇਂ ਉਨ੍ਹਾਂ 'ਤੇ ਅਚਾਨਕ ਗੋਲੀਬਾਰੀ ਹੋ ਗਈ। 

ਦੋ ਆਰੋਪੀ ਗ੍ਰਿਫਤਾਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਮੈਂ ਡਾਕਟਰਾਂ ਅਤੇ ਪੁਲਸ ਨਾਲ ਗੱਲ ਕੀਤੀ ਹੈ। ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਦੋਸ਼ੀ ਯੂਪੀ ਅਤੇ ਹਰਿਆਣਾ ਦੇ ਰਹਿਣ ਵਾਲੇ ਹਨ। ਤੀਜਾ ਮੁਲਜ਼ਮ ਫਰਾਰ ਹੈ। ਅਸੀਂ ਮੁੰਬਈ ਪੁਲਸ ਨੂੰ ਨਿਰਦੇਸ਼ ਦਿੱਤੇ ਹਨ ਕਿ ਕਾਨੂੰਨ ਵਿਵਸਥਾ ਨੂੰ ਆਪਣੇ ਹੱਥਾਂ 'ਚ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮੈਨੂੰ ਯਕੀਨ ਹੈ ਕਿ ਮੁੰਬਈ ਪੁਲਿਸ ਜਲਦੀ ਹੀ ਤੀਜੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਵੇਗੀ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Inder Prajapati

Content Editor

Related News