'ਬਿੱਗ ਬੌਸ 19' ਫਿਨਾਲੇ 'ਤੇ ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਏ ਸਲਮਾਨ ਖਾਨ, ਸਟੇਜ 'ਤੇ ਨਿਕਲੇ ਅਦਾਕਾਰ ਦੇ ਹੰਝੂ
Monday, Dec 08, 2025 - 11:39 AM (IST)
ਮੁੰਬਈ- ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 19' ਦਾ ਗ੍ਰੈਂਡ ਫਿਨਾਲੇ ਭਾਵੇਂ ਬਹੁਤ ਧਮਾਕੇਦਾਰ ਰਿਹਾ ਅਤੇ ਗੌਰਵ ਖੰਨਾ ਨੇ ਸ਼ੋਅ ਦਾ ਖਿਤਾਬ ਜਿੱਤ ਲਿਆ, ਪਰ ਇਸ ਜਸ਼ਨ ਦੇ ਮਾਹੌਲ ਵਿੱਚ ਇੱਕ ਭਾਵੁਕ ਪਲ ਵੀ ਆਇਆ ਜਦੋਂ ਮੇਜ਼ਬਾਨ ਸਲਮਾਨ ਖਾਨ ਮਰਹੂਮ ਅਦਾਕਾਰ ਧਰਮਿੰਦਰ ਨੂੰ ਯਾਦ ਕਰਕੇ ਰੋ ਪਏ। ਧਰਮਿੰਦਰ ਦਾ ਦਿਹਾਂਤ ਸ਼ੋਅ ਦੌਰਾਨ ਹੀ 24 ਨਵੰਬਰ ਨੂੰ ਹੋ ਗਿਆ ਸੀ। ਸਲਮਾਨ ਖਾਨ ਨੇ ਆਪਣੇ ਅਜ਼ੀਜ਼ ਧਰਮਿੰਦਰ ਨੂੰ ਸ਼ਰਧਾਂਜਲੀ ਦਿੱਤੀ, ਜਿਸ ਦੌਰਾਨ ਉਹ ਬਹੁਤ ਜ਼ਿਆਦਾ ਭਾਵੁਕ ਹੋ ਗਏ।
ਸਟੇਜ 'ਤੇ ਨਹੀਂ ਰੁਕੇ ਸਲਮਾਨ ਦੇ ਹੰਝੂ
ਸਲਮਾਨ ਖਾਨ ਧਰਮਿੰਦਰ ਦੇ ਬਹੁਤ ਕਰੀਬ ਸਨ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਵਾਂਗ ਮੰਨਦੇ ਸਨ। ਧਰਮਿੰਦਰ ਬਾਰੇ ਗੱਲ ਕਰਦਿਆਂ ਸਲਮਾਨ ਖਾਨ ਸਟੇਜ 'ਤੇ ਹੀ ਰੋ ਪਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸਨ। ਸਲਮਾਨ ਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਉੱਥੇ ਮੌਜੂਦ ਹਰ ਕੋਈ ਭਾਵੁਕ ਹੋ ਗਿਆ ਅਤੇ ਸਟੇਜ 'ਤੇ ਸੰਨਾਟਾ ਪਸਰ ਗਿਆ। ਸਲਮਾਨ ਨੇ ਨਮ ਅੱਖਾਂ ਨਾਲ ਧਰਮਿੰਦਰ ਨੂੰ ਯਾਦ ਕਰਦਿਆਂ ਕਿਹਾ, "ਅਸੀਂ ਆਪਣਾ ਹੀ-ਮੈਨ ਖੋਹ ਦਿੱਤਾ ਹੈ"। ਉਨ੍ਹਾਂ ਅੱਗੇ ਕਿਹਾ ਕਿ ਧਰਮ ਜੀ ਤੋਂ ਵਧੀਆ ਕੋਈ ਇਨਸਾਨ ਨਹੀਂ ਹੋ ਸਕਦਾ।
'60 ਸਾਲਾਂ ਤੱਕ ਕੀਤਾ ਐਂਟਰਟੇਨ'
ਸਲਮਾਨ ਨੇ ਅੱਗੇ ਗੱਲ ਕਰਦੇ ਹੋਏ ਧਰਮਿੰਦਰ ਦੇ ਲੰਬੇ ਕਰੀਅਰ ਦੀ ਪ੍ਰਸ਼ੰਸਾ ਕੀਤੀ। ਸਲਮਾਨ ਨੇ ਕਿਹਾ ਕਿ ਧਰਮਿੰਦਰ ਨੇ ਜ਼ਿੰਦਗੀ ਨੂੰ 'ਕਿੰਗ ਸਾਈਜ਼' ਜੀਆ। ਉਨ੍ਹਾਂ ਨੇ 60 ਸਾਲਾਂ ਤੱਕ ਇੰਡਸਟਰੀ ਨੂੰ ਐਂਟਰਟੇਨ ਕੀਤਾ। ਧਰਮਿੰਦਰ ਨੇ ਕਾਮੇਡੀ ਅਤੇ ਐਕਸ਼ਨ ਸਮੇਤ ਹਰ ਤਰ੍ਹਾਂ ਦੇ ਰੋਲ ਕੀਤੇ ਅਤੇ ਸਲਮਾਨ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਧਰਮਿੰਦਰ ਦੇ ਕਰੀਅਰ ਗ੍ਰਾਫ਼ ਨੂੰ ਫੋਲੋ ਕੀਤਾ ਹੈ।
ਸਾਂਝੀ ਕੀਤੀ ਭਾਵੁਕ ਤਾਰੀਖ
ਸਲਮਾਨ ਨੇ ਇੱਕ ਭਾਵਨਾਤਮਕ ਕਨੈਕਸ਼ਨ ਵੀ ਸਾਂਝਾ ਕੀਤਾ, ਜਿਸ ਨੇ ਉਨ੍ਹਾਂ ਨੂੰ ਹੋਰ ਭਾਵੁਕ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਧਰਮਿੰਦਰ ਦਾ ਦਿਹਾਂਤ 24 ਨਵੰਬਰ ਨੂੰ ਹੋਇਆ ਸੀ, ਜੋ ਕਿ ਸਲਮਾਨ ਦੇ ਪਿਤਾ (ਸਲੀਮ ਖਾਨ) ਦਾ ਜਨਮਦਿਨ ਹੁੰਦਾ ਹੈ। ਇਸ ਤੋਂ ਇਲਾਵਾ ਧਰਮਿੰਦਰ ਦਾ ਜਨਮਦਿਨ ਅਗਲੇ ਦਿਨ (8 ਦਸੰਬਰ) ਹੈ, ਜੋ ਕਿ ਸਲਮਾਨ ਦੀ ਮਾਂ ਦਾ ਵੀ ਜਨਮਦਿਨ ਹੁੰਦਾ ਹੈ। ਸਲਮਾਨ ਖਾਨ ਨੇ ਸੰਨੀ ਅਤੇ ਬੌਬੀ ਦਿਓਲ ਨੂੰ ਵੀ ਸਲਾਮ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਧਰਮਿੰਦਰ ਦੀ ਪ੍ਰਾਰਥਨਾ ਸਭਾ ਦਾ ਆਯੋਜਨ ਬਹੁਤ ਸਨਮਾਨ ਅਤੇ ਗਰੇਸ ਨਾਲ ਕੀਤਾ।
