ਮੱਝ ਤੋਂ ਬਾਅਦ ਹੁਣ ਹੈਲਮੇਟ ਲੱਭੇਗੀ ਯੂ. ਪੀ. ਪੁਲਸ
Saturday, Sep 28, 2024 - 08:55 PM (IST)
ਲਖਨਊ, (ਭਾਸ਼ਾ)- ਹੁਣ ਮੱਝ ਤੋਂ ਬਾਅਦ ਯੂ. ਪੀ. ਪੁਲਸ ਹੈਲਮੇਟ ਲੱਭੇਗੀ। ਸਪਾ ਦੇ ਰਾਜ ਦੌਰਾਨ ਯੂ. ਪੀ. ਦੇ ਕੈਬਨਿਟ ਮੰਤਰੀ ਰਹੇ ਆਜ਼ਮ ਖਾਨ ਦੇ ਵਾੜੇ ’ਚੋਂ ਮੱਝ ਚੋਰੀ ਹੋਣ ’ਤੇ ਰਾਮਪੁਰ ਤੋਂ ਲੈ ਕੇ ਲਖਨਊ ਤੱਕ ਸਰਕਾਰੀ ਅਮਲਾ ਹਿੱਲ ਗਿਆ ਸੀ। ਪੁਲਸ ਆਜ਼ਮ ਖਾਂਨ ਦੀ ਮੱਝ ਲੱਭਣ ’ਚ ਲੱਗੀ ਸੀ।
ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਹਜ਼ਰਤਗੰਜ ਕੋਤਵਾਲੀ ’ਚ ਉਦੋਂ ਦੇਖਣ ਨੂੰ ਮਿਲਿਆ ਜਦੋਂ ਪੁਲਸ ਨੇ ਆਖ਼ਿਰਕਾਰ ਅਦਾਲਤ ਦੇ ਹੁਕਮ ’ਤੇ ਇਕ ਵਕੀਲ ਦਾ ਹੈਲਮੇਟ ਚੋਰੀ ਹੋਣ ਦਾ ਮਾਮਲਾ ਦਰਜ ਕਰ ਲਿਆ।
ਹਜ਼ਰਤਗੰਜ ਕੋਤਵਾਲੀ ਥਾਣੇ ਦੇ ਮੁਖੀ ਇੰਸਪੈਕਟਰ ਵਿਕਰਮ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 305 (ਘਰ ਜਾਂ ਟ੍ਰਾਂਸਪੋਰਟ ਦੇ ਸਾਧਨ ਜਾਂ ਪੂਜਾ ਸਥਾਨ ਆਦਿ ’ਚ ਚੋਰੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੂਬੇ ਦੀ ਰਾਜਧਾਨੀ ਦੇ ਵਿਚਕਾਰ ਸਥਿਤ ਜਨਰਲ ਪੋਸਟ ਆਫਿਸ (ਜੀ. ਪੀ. ਓ.) ਦੇ ਕੰਪਲੈਕਸ ’ਚ 17 ਅਗਸਤ ਨੂੰ 33 ਸਾਲਾ ਵਕੀਲ ਪ੍ਰੇਮ ਪ੍ਰਕਾਸ਼ ਪਾਂਡੇ ਦਾ ਕਾਲੇ ਰੰਗ ਦਾ ਹੈਲਮੇਟ ਚੋਰੀ ਹੋ ਗਿਆ ਸੀ।