ਹੇਮਾ ਮਾਲਿਨੀ ਨੇ ਕਿਹਾ- ਅਯੁੱਧਿਆ, ਕਾਸ਼ੀ ਤੋਂ ਬਾਅਦ ਹੁਣ ਮਥੁਰਾ ’ਚ ਵੀ ਬਣੇ ਵਿਸ਼ਾਲ ਮੰਦਰ
Monday, Dec 20, 2021 - 12:06 PM (IST)
ਇੰਦੌਰ (ਭਾਸ਼ਾ)— ਭਾਜਪਾ ਪਾਰਟੀ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਐਤਵਾਰ ਨੂੰ ਉਮੀਦ ਜਤਾਈ ਹੈ ਕਿ ਅਯੁੱਧਿਆ ਅਤੇ ਕਾਸ਼ੀ ਤੋਂ ਬਾਅਦ ਉਨ੍ਹਾਂ ਦੇ ਚੋਣ ਖੇਤਰ ਮਥੁਰਾ ਨੂੰ ਵੀ ਵਿਸ਼ਾਲ ਮੰਦਰ ਮਿਲੇਗਾ। ਹੇਮਾ ਨੇ ਇਸ ਲਈ ਕਾਸ਼ੀ ਵਿਸ਼ਵਨਾਥ ਕਾਰੀਡੋਰ ਦਾ ਹਵਾਲਾ ਦਿੱਤਾ। ਹੇਮਾ ਮਾਲਿਨੀ ਨੇ ਕਿਹਾ ਕਿ ਰਾਮ ਜਨਮਭੂਮੀ ਅਤੇ ਕਾਸ਼ੀ ਦੇ ਮੁੜ ਵਿਕਾਸ ਤੋਂ ਬਾਅਦ ਸੁਭਾਵਿਕ ਰੂਪ ਨਾਲ ਮਥੁਰਾ ਵੀ ਬਹੁਤ ਮਹੱਤਵਪੂਰਨ ਹੈ।
ਇੰਦੌਰ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਆਈ ਹੇਮਾ ਮਾਲਿਨੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਇਕ ਸੱਦੇ ’ਤੇ ਕਾਸ਼ੀ ਜਾ ਰਹੀ ਹੈ। ਮਾਲਿਨੀ ਨੇ ਕਿਹਾ ਕਿ ਪਿਆਰ ਦੇ ਪ੍ਰਤੀਕ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਮਥੁਰਾ ਦੀ ਸੰਸਦ ਮੈਂਬਰ ਹੋਣ ਦੇ ਨਾਅਤੇ ਮੈਂ ਕਹਾਂਗੀ ਕਿ ਇਕ ਮੰਦਰ ਹੋਣਾ ਚਾਹੀਦਾ ਹੈ। ਇਕ ਮੰਦਰ ਪਹਿਲਾਂ ਤੋਂ ਹੀ ਹੈ ਅਤੇ ਮੋਦੀ ਜੀ ਵਲੋਂ ਵਿਕਸਿਤ ਕਾਸ਼ੀ ਵਿਸ਼ਵਨਾਥ ਕਾਰੀਡੋਰ ਵਾਂਗ ਇਸ ਨੂੰ ਨਵਾਂ ਰੂਪ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਰਿਵਰਤਨ (ਕਾਸ਼ੀ ਵਿਸ਼ਵਨਾਥ ਦਾ ਮੁੜ ਵਿਕਾਸ) ਬਹੁਤ ਔਖਾ ਸੀ। ਇਹ ਮੋਦੀ ਜੀ ਦੀ ਦੂਰਦ੍ਰਿਸ਼ਟੀ ਨੂੰ ਦਰਸਾਉਂਦਾ ਹੈ। ਮਥੁਰਾ ਵਿਚ ਵੀ ਅਜਿਹਾ ਹੀ ਹੋਵੇਗਾ।