ਅਬਦੁੱਲਾ ਅਤੇ ਮਹਿਬੂਬਾ ਤੋਂ ਬਾਅਦ PDP ਨੇਤਾ ਨਈਮ ਅਖਤਰ ''ਤੇ ਲਗਾਇਆ ਗਿਆ PSA
Sunday, Feb 09, 2020 - 02:55 PM (IST)

ਸ਼੍ਰੀਨਗਰ—ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸੀਨੀਅਰ ਪੀ.ਡੀ.ਪੀ ਨੇਤਾ ਨਈਮ ਅਖਤਰ 'ਤੇ ਸਖਤ ਜਨਸੁਰੱਖਿਆ ਕਾਨੂੰਨ (ਪੀ.ਐੱਸ.ਏ) ਤਹਿਤ ਕਾਰਵਾਈ ਕੀਤੀ ਹੈ। ਸ਼ਨੀਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਈਮ ਅਖਤਰ ਕਸ਼ਮੀਰ 'ਚ ਮੁੱਖ ਧਾਰਾ ਦੇ ਛੇਵੇਂ ਨੇਤਾ ਹਨ, ਜਿਨ੍ਹਾਂ 'ਤੇ ਪੀ.ਐੱਸ.ਏ ਤਹਿਤ ਕਾਰਵਾਈ ਕੀਤੀ ਗਈ ਹੈ। ਇਹ ਕਾਨੂੰਨ 1978 'ਚ ਲੱਕੜੀ ਦੀ ਤਸਕਰੀ 'ਤੇ ਲਗਾਮ ਲਗਾਉਣ ਲਈ ਲਾਗੂ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ 'ਤੇ ਪਿਛਲੇ ਸਾਲ ਸਤੰਬਰ 'ਚ ਪੀ.ਐੱਸ.ਏ ਲਗਾਇਆ ਗਿਆ ਸੀ ਜਦਕਿ ਦੋ ਹੋਰ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਖਿਲਾਫ ਪਿਛਲੇ ਵੀਰਵਾਰ ਨੂੰ ਇਸ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ। ਨੈਸ਼ਨਲ ਕਾਨਫਰੰਸ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ ਅਤੇ ਪੀ.ਡੀ.ਪੀ ਨੇਤਾ ਸਾਰਾ ਮਦਨੀ ਨੂੰ ਵੀ ਪੀ.ਐੱਸ.ਏ ਤਹਿਤ ਹਿਰਾਸਤ 'ਚ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਕਸ਼ਮੀਰ 'ਚ ਮੁੱਖ ਧਾਰਾ ਦੇ ਕਈ ਨੇਤਾਵਾਂ ਨੂੰ ਸਾਵਧਾਨੀ ਵਜੋਂ ਹਿਰਾਸਤ 'ਚ ਲਿਆ ਗਿਆ। ਇਨ੍ਹਾਂ 'ਚ ਲਗਭਗ 20 ਨੇਤਾਵਾਂ ਨੂੰ ਜਾਂ ਤਾਂ ਫਿਰ ਰਿਹਾਅ ਕਰ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਦੀ ਰਿਹਾਇਸ਼ 'ਤੇ ਨਜ਼ਰਬੰਦ ਕੀਤਾ ਗਿਆ।