50 ਦਿਨਾਂ ਬਾਅਦ ਦਿੱਲੀ ਦੀ ਸਰਕਾਰ ਨੇ ਬਦਲੀ ਤੇਲ ਦੀ ਕੀਮਤ , ਪੈਟਰੋਲ 1.67 ਅਤੇ ਡੀਜ਼ਲ 7.10 ਹੋਇਆ ਮਹਿੰਗਾ
Tuesday, May 05, 2020 - 01:53 PM (IST)
ਨਵੀਂ ਦਿੱਲੀ - ਲਾਕਡਾਉਨ ਦਾ ਤੀਜਾ ਪੜਾਅ ਦੇਸ਼ ਭਰ ਵਿਚ ਕੁਝ ਢਿੱਲ ਨਾਲ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿਚ ਆਵਾਜਾਈ ਵੀ ਸ਼ੁਰੂ ਹੋ ਗਈ ਹੈ। ਕਈ ਦਿਨਾਂ ਤੋਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਸਨ। ਪਰ ਅੱਜ 50 ਦਿਨਾਂ ਬਾਅਦ ਦਿੱਲੀ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਗਿਆ ਹੈ।
ਕੇਜਰੀਵਾਲ ਸਰਕਾਰ ਨੇ ਲਾਕਡਾਉਨ ਵਿਚਕਾਰ ਈਂਧਣ 'ਤੇ ਵੈਟ ਵਧਾ ਦਿੱਤਾ ਜਿਸ ਕਾਰਨ ਮੰਗਲਵਾਰ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧ ਗਈ। ਦਿੱਲੀ ਸਰਕਾਰ ਦੇ ਫਿਊਲ 'ਤੇ ਵੈਟ (ਮੁੱਲ ਵਾਧਾ ਟੈਕਸ) ਵਧਾਉਣ ਤੋਂ ਬਾਅਦ ਰਾਜਧਾਨੀ 'ਚ ਅੱਜ ਪੈਟਰੋਲ 1.67 ਰੁਪਏ ਅਤੇ ਡੀਜ਼ਲ 7.10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਸਰਕਾਰ ਨੇ ਸ਼ਰਾਬ ਦੀ ਵਿਕਰੀ 'ਤੇ 70 ਫੀਸਦੀ 'ਵਿਸ਼ੇਸ਼ ਕੋਰੋਨਾ ਟੈਕਸ' ਲਗਾ ਦਿੱਤਾ ਹੈ। ਅੱਜ ਤੋਂ ਦਿੱਲੀ ਵਿਚ ਸ਼ਰਾਬ ਵੀ ਮਹਿੰਗੇ ਭਾਅ ਮਿਲ ਰਹੀ ਹੈ। ਸਰਕਾਰ ਦੇ ਇਸ ਕਦਮ ਨਾਲ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਗੂ ਲਾਕਡਾਉਨ ਕਾਰਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਮਾਲਿਆ ਨੂੰ ਵਾਧਾ ਮਿਲੇਗਾ।ਸੂਤਰਾਂ ਮੁਤਾਬਕ ਸ਼ਰਾਬ ਦੀ MRP 'ਤੇ 70 ਫੀਸਦੀ 'ਵਿਸ਼ੇਸ਼ ਕੋਰੋਨਾ ਚਾਰਜ' ਲਗਾ ਦਿੱਤਾ ਗਿਆ ਹੈ।
ਪ੍ਰਮੁੱਖ ਮਹਾਂਨਗਰਾਂ ਵਿਚ ਇੰਨੀ ਹੈ ਕੀਮਤ
ਆਈ.ਓ.ਸੀ.ਐਲ. ਦੀ ਵੈੱਬਸਾਈਟ ਅਨੁਸਾਰ ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 1.67 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 7.10 ਰੁਪਏ ਤੱਕ ਦਾ ਵਾਧਾ ਹੋਇਆ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲੀਟਰ ਰੁਪਿਆ ਵਿਚ
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 71.26 69.39
ਕੋਲਕਾਤਾ 76.31 66.21
ਮੁੰਬਈ 73.30 65.62
ਚੇਨਈ 75.54 68.22
ਇਸ ਕਾਰਨ ਤੇਲ ਹੋਇਆ ਮਹਿੰਗਾ
ਸਰਕਾਰ ਵੱਲੋਂ ਸੈੱਸ ਲਗਾਉਣ ਕਾਰਨ ਤੇਲ ਦੀ ਕੀਮਤ ਵਧੀ ਹੈ। ਲਗਾਤਾਰ ਲਾਗੂ ਹੋ ਰਹੇ ਲਾਕਡਾਉਨ ਕਾਰਨ ਸਰਕਾਰ ਨੇ ਆਮਦਨ ਦੇ ਘਾਟੇ ਕਾਰਨ ਹੋਣ ਵਾਲੀ ਮਾਲੀਏ ਦੀ ਘਾਟ ਨੂੰ ਪੂਰਾ ਕਰਨ ਲਈ ਪੈਟਰੋਲੀਅਮ ਪਦਾਰਥਾਂ 'ਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਸੂਬਿਆਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਹੋਇਆ ਵਾਧਾ
- ਇਸ ਤੋਂ ਪਹਿਲਾਂ ਚੇਨਈ, ਨਾਗਾਲੈਂਡ, ਅਸਾਮ ਅਤੇ ਮੇਘਾਲਿਆ ਸਰਕਾਰ ਨੇ ਵੀ ਇਹ ਕਦਮ ਚੁੱਕਿਆ ਸੀ। ਚੇਨਈ ਵਿਚ ਪੈਟਰੋਲ 3.25 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 2.50 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਤੋਂ ਬਾਅਦ ਇਸਦੀ ਕੀਮਤ ਕ੍ਰਮਵਾਰ 75.54 ਅਤੇ 68.22 ਰੁਪਏ ਹੈ।
- ਵੈਟ ਵਧਾਉਣ ਤੋਂ ਬਾਅਦ ਨਾਗਾਲੈਂਡ ਵਿਚ ਪੈਟਰੋਲ 6 ਰੁਪਏ ਅਤੇ ਡੀਜ਼ਲ 5 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
- ਅਸਾਮ ਵਿਚ ਡੀਜ਼ਲ 'ਤੇ 5 ਰੁਪਏ ਅਤੇ ਪੈਟਰੋਲ 'ਤੇ 6 ਰੁਪਏ ਪ੍ਰਤੀ ਲੀਟਰ ਟੈਕਸ ਵਧਾਇਆ ਗਿਆ ਹੈ।
- ਮੇਘਾਲਿਆ ਵਿਚ ਪੈਟਰੋਲ ਲਈ ਟੈਕਸ ਦੀ ਨਵੀਂ ਦਰ 31 ਪ੍ਰਤੀਸ਼ਤ (17.6 ਰੁਪਏ) ਪ੍ਰਤੀ ਲੀਟਰ ਅਤੇ ਡੀਜ਼ਲ ਲਈ 22.5 ਪ੍ਰਤੀਸ਼ਤ (12.5 ਰੁਪਏ) ਪ੍ਰਤੀ ਲੀਟਰ ਹੋਵੇਗੀ।
ਹਰ ਰੋਜ਼ 6 ਵਜੇ ਬਦਲਦੀ ਹੈ ਕੀਮਤ
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ ਛੇ ਵਜੇ ਬਦਲੀ ਜਾਂਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੇ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।