ਵਕੀਲ ਪੁੱਤ ਹੀ ਬਣ ਗਿਆ ਪਿਓ ਦਾ ਕਾਤਲ ! ਮਾਂ ਨੂੰ ਵੀ ਕੀਤਾ ਲਹੂ-ਲੁਹਾਨ, ਕੇਰਲ ਤੋਂ ਆਈ ਸਨਸਨੀਖੇਜ਼ ਖ਼ਬਰ
Monday, Dec 01, 2025 - 02:00 PM (IST)
ਨੈਸ਼ਨਲ ਡੈਸਕ- ਦੇਸ਼ ਦੇ ਦੱਖਣੀ ਸੂਬੇ ਕੇਰਲ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਤੱਟਵਰਤੀ ਜ਼ਿਲ੍ਹੇ ਅਲਾਪੁਝਾ ਵਿੱਚ ਇੱਕ ਵਕੀਲ ਨੇ ਆਪਣੇ ਹੀ ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹੀ ਨਹੀਂ, ਇਸ ਮਗਰੋਂ ਉਸ ਨੇ ਆਪਣੀ ਮਾਂ 'ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਜਾਣਕਾਰੀ ਮਿਲਣ ਮਗਰੋਂ ਪੁਲਸ ਨੇ ਮੁਲਜ਼ਮ ਵਕੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਰਾਤ ਲਗਭਗ 9:30 ਵਜੇ ਕਨਕਾਕੁੰਨੂ ਪੁਲਸ ਸਟੇਸ਼ਨ ਇਲਾਕੇ ਅਧੀਨ ਪੈਂਦੇ ਕਲਾਰਿਕੱਲ ਸਥਿਤ ਵਕੀਲ ਦੇ ਘਰ ਵਾਪਰੀ। ਪੁਲਸ ਦੇ ਅਨੁਸਾਰ ਵਕੀਲ ਨਵਜੀਤ (30) ਨੇ ਆਪਣੇ ਪਿਓ ਨਰਾਜਨ (62) 'ਤੇ ਜਾਨਲੇਵਾ ਹਮਲਾ ਕਰ ਕੇ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ, ਜਿਸ ਦੀ ਜ਼ਿਆਦਾ ਖ਼ੂਨ ਵਗਣ ਕਾਰਨ ਮੌਤ ਹੋ ਗਈ। ਉਸ ਨੇ ਆਪਣੀ ਮਾਂ ਸਿੰਧੂ 'ਤੇ ਵੀ ਹਮਲਾ ਕੀਤਾ, ਜੋ ਕਿ ਗੰਭੀਰ ਰੂਪ 'ਚ ਜ਼ਖ਼ਮੀ ਹੈ ਤੇ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਅਧਿਕਾਰੀਆਂ ਨੇ ਕਿਹਾ ਕਿ ਉਸ ਨੇ ਹਮਲੇ ਵਿੱਚ ਇੱਕ ਤੇਜ਼ਧਾਰ ਹਥਿਆਰ ਦੀ ਵਰਤੋਂ ਕੀਤੀ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਅਜਿਹੇ ਜਵਾਬ ਦਿੱਤੇ ਜੋ ਪੁੱਛੇ ਗਏ ਸਵਾਲਾਂ ਨਾਲ ਮੇਲ ਨਹੀਂ ਖਾਂਦੇ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਨਸ਼ੇ ਦਾ ਆਦੀ ਹੈ ਅਤੇ ਇਸ ਹਮਲੇ ਪਿੱਛੇ ਪਰਿਵਾਰਕ ਝਗੜੇ ਨੂੰ ਕਾਰਨ ਮੰਨਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਵਜੀਤ ਦੀ ਪਤਨੀ ਗਰਭਵਤੀ ਹੈ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਨਵਜੀਤ ਦਾ ਪਰਿਵਾਰ ਆਰਥਿਕ ਤੌਰ 'ਤੇ ਖੁਸ਼ਹਾਲ ਹੈ। ਫਿਲਹਾਲ ਨਟਰਾਜਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
