ਰਾਜੀਵ ਗਾਂਧੀ ਕਤਲਕਾਂਡ ਮਾਮਲੇ ’ਚ ਦੋਸ਼ੀ ਪੀ. ਰਵੀਚੰਦਰਨ ਨੂੰ ਮਿਲੀ ਪੈਰੋਲ
Monday, Nov 15, 2021 - 04:20 PM (IST)
ਚੇਨਈ (ਵਾਰਤਾ)—ਤਾਮਿਲਨਾਡੂ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ ਮਾਮਲੇ ਵਿਚ ਉਮਰ ਕੈਦ ਦੇ ਸਜ਼ਾ ਯਾਫ਼ਤਾ 7 ਦੋਸ਼ੀਆਂ ’ਚੋਂ ਇਕ ਦੋਸ਼ੀ ਪੀ. ਰਵੀਚੰਦਰਨ ਨੂੰ ਮੈਡੀਕਲ ਆਧਾਰ ’ਤੇ 30 ਦਿਨ ਦੀ ਪੈਰੋਲ ਦਿੱਤੀ ਹੈ। ਇਹ 6ਵੀਂ ਵਾਰ ਹੈ, ਜਦੋਂ ਰਵੀਚੰਦਰਨ ਨੂੰ 29 ਸਾਲ ਦੀ ਜੇਲ੍ਹ ਦੌਰਾਨ ਪੈਰੋਲ ਮਿਲੀ ਹੈ। ਸਤੰਬਰ ਵਿਚ ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਦੇ ਆਦੇਸ਼ ਮਗਰੋਂ ਸੂਬਾ ਸਰਕਾਰ ਨੇ ਇਕ ਸਰਕਾਰੀ ਆਦੇਸ਼ (ਜੀ. ਓ.) ਜਾਰੀ ਕੀਤਾ ਸੀ, ਜਿਸ ’ਚ ਉਸ ਵਲੋਂ ਮਾਂ ਦੀਆਂ ਅੱਖਾਂ ਦੀ ਸਰਜਰੀ ਲਈ ਦੋ ਮਹੀਨੇ ਦੀ ਛੁੱਟੀ ਦੀ ਮੰਗ ਕੀਤੀ ਗਈ ਸੀ।
ਸਰਕਾਰੀ ਆਦੇਸ਼ ਵਿਚ ਕਿਹਾ ਗਿਆ ਸੀ ਕਿ ਰਵੀਚੰਦਰਨ ਨੂੰ ਵੱਖ-ਵੱਖ ਧਰਾਵਾਂ ਤਹਿਤ ਪੈਰੋਲ (ਸਾਧਾਰਨ ਛੁੱਟੀ) ਦਿੱਤੀ ਗਈ ਹੈ। ਇਸ ਪੈਰੋਲ ਦੌਰਾਨ ਰਵੀਚੰਦਰਨ ਨੂੰ ਉਸ ਦੇ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੋਵੇਗੀ। ਉਸ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਪੱਤਰਕਾਰਾਂ ਨੂੰ ਕੋਈ ਵੀ ਇੰਟਰਵਿਊ ਨਾ ਦੇਵੇ ਅਤੇ ਅਰਜ਼ੀ ਵਿਚ ਦੱਸੀਆਂ ਗਈਆਂ ਥਾਵਾਂ ’ਤੇ ਹੀ ਰਹੇ।
ਦੱਸਣਯੋਗ ਹੈ ਕਿ ਰਾਜੀਵ ਗਾਂਧੀ ਦੀ 21 ਮਈ 1991 ਨੂੰ ਤਾਮਿਲਨਾਡੂ ਦੇ ਸ਼੍ਰੀਪੇਰੰਬਦੁਰ ’ਚ ਇਕ ਆਤਮਘਾਤੀ ਮਨੁੱਖੀ ਬੰਬ ਧਮਾਕੇ ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਧਮਾਕੇ ਵਿਚ 18 ਲੋਕਾਂ ਦੀ ਜਾਨ ਗਈ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰਾਜੀਵ ਦੇ ਪਰਖੱਚੇ ਉਡ ਗਏ ਸਨ। ਉਨ੍ਹਾਂ ਨੂੰ ਉਨ੍ਹਾਂ ਦੇ ਪੈਰਾਂ ’ਚ ਪਹਿਨੇ ਬੂਟਾਂ ਅਤੇ ਗੁੱਟ ’ਤੇ ਬੰਨ੍ਹੀ ਘੜੀ ਤੋਂ ਪਛਾਣਿਆ ਗਿਆ ਸੀ। ਇਸ ਮਾਮਲੇ ਵਿਚ 7 ਲੋਕਾਂ ’ਤੇ ਕਤਲ ਦਾ ਜ਼ੁਰਮ ਸਾਬਤ ਹੋਇਆ ਸੀ। ਇਹ ਸਾਰੇ 30 ਸਾਲਾਂ ਤੋਂ ਜੇਲ੍ਹ ’ਚ ਬੰਦ ਹਨ।