ਸੈਟੇਲਾਈਟ ਤਸਵੀਰਾਂ ਤੋਂ ਖ਼ੁਲਾਸਾ, ਪੈਂਗੋਂਗ ਝੀਲ ਕੋਲ ਖੁਦਾਈ ਕਰ ਰਿਹੈ ਚੀਨ

Sunday, Jul 07, 2024 - 12:15 PM (IST)

ਨਵੀਂ ਦਿੱਲੀ- ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਕ ਪਾਸੇ ਜਿੱਥੇ ਭਾਰਤ ਦੇ ਵਿਦੇਸ਼ ਮੰਤਰੀ ਚੀਨ ਦੇ ਵਿਦੇਸ਼ ਮੰਤਰੀ ਨਾਲ ਅਸਲ ਕੰਟਰੋਲ ਰੇਖਾ 'ਤੇ ਜਾਰੀ ਗਤੀਰੋਧ ਦਾ ਹੱਲ ਕੱਢਣ ਲਈ ਬੈਠਕ ਕਰਦੇ ਹਨ। ਉੱਥੇ ਹੀ ਦੂਜੇ ਪਾਸੇ ਚੀਨੀ ਫ਼ੌਜੀਆਂ ਨੇ ਪੂਰਬੀ ਲੱਦਾਖ 'ਚ ਪੈਂਗੋਂਗ ਝੀਲ ਕੋਲ ਫਿਰ ਆਪਣੀਆਂ ਹਰਕਤਾਂ ਵਧਾ ਦਿੱਤੀਆਂ ਹਨ। ਚੀਨੀ ਫ਼ੌਜ ਇੱਥੇ ਲੰਬੇ ਸਮੇਂ ਤੱਕ ਰਹਿਣ ਲਈ ਖੋਦਾਈ ਕਰ ਰਹੀ ਹੈ। ਉਸ ਨੇ ਇੱਥੇ ਹਥਿਆਰ ਅਤੇ ਈਂਧਣ ਦੇ ਭੰਡਾਰਣ ਲਈ ਅੰਡਰਗਰਾਊਂਡ ਬੰਕਰ ਬਣਾਏ ਹਨ। ਉੱਥੇ ਹੀ ਆਪਣੇ ਬਖਤਰਬੰਦ ਵਾਹਨਾਂ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਕਦਮ ਚੁੱਕ ਰਿਹਾ ਹੈ। ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਤੋਂ ਇਸ ਦਾ ਖੁਲਾਸਾ ਹੋਇਆ ਹੈ।

ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ 'ਤੇ ਪਹਾੜਾਂ ਵਿਚਾਲੇ ਸਿਰਜਾਪ 'ਚ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦਾ ਬੇਸ ਹੈ। ਇਹ ਝੀਲ ਦੇ ਨੇੜੇ-ਤੇੜੇ ਤਾਇਨਾਤ ਚੀਨੀ ਫ਼ੌਜੀਆਂ ਦਾ ਹੈੱਡ ਕੁਆਰਟਰ ਹੈ। ਇਸ ਨੂੰ ਭਾਰਤ ਵਲੋਂ ਦਾਅਵਾ ਕੀਤੇ ਗਏ ਖੇਤਰ 'ਚ ਬਣਾਇਆ ਗਿਆ ਹੈ। ਇਹ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਤੋਂ ਲਗਭਗ 5 ਕਿਲੋਮੀਟਰ ਦੂਰ ਸਥਿਤ ਹੈ। ਮਈ 2020 'ਚ ਐੱਲ.ਏ.ਸੀ. 'ਤੇ ਗਤੀਰੋਧ ਸ਼ੁਰੂ ਹੋਣ ਤੱਕ ਇਸ ਖੇਤਰ 'ਚ ਕੋਈ ਨਹੀਂ ਰਹਿੰਦਾ ਸੀ। ਬਲੈਕਸਕਾਈ ਵਲੋਂ ਪ੍ਰਦਾਨ ਕੀਤੀਆਂ ਗਈਆਂ ਤਸਵੀਰਾਂ ਅਨੁਸਾਰ, 2021-22 ਦੌਰਾਨ ਬਣਾਏ ਗਏ ਬੇਸ 'ਚ ਅੰਡਰਗਰਾਊਂਡ ਬੰਕਰ ਹਨ। ਇਨ੍ਹਾਂ ਦਾ ਉਪਯੋਗ ਹਥਿਆਰ, ਈਂਧਣ ਜਾਂ ਹੋਰ ਸਪਲਾਈ ਨੂੰ ਸਟੋਰ ਕਰਨ ਲਈ ਕੀਤਾ ਜਾ ਸਕਦਾ ਹੈ। ਇਸੇ ਸਾਲ 30 ਮਈ ਨੂੰ ਲਈ ਗਈ ਇਕ ਤਸਵੀਰ 'ਚ ਇਕ ਵੱਡੇ ਅੰਡਰਗਰਾਊਂਡ ਬੰਕਰ ਦੇ 8 ਪ੍ਰਵੇਸ਼ ਦੁਆਰ ਸਪੱਸ਼ਟ ਰੂਪ ਨਾਲ ਦਿਖਾਈ ਦੇ ਰਹੇ ਹਨ। ਇਕ ਹੋਰ ਛੋਟਾ ਬੰਕਰ ਹੈ, ਜਿਸ 'ਚ 5 ਪ੍ਰਵੇਸ਼ ਦੁਆਰ ਹਨ। ਦੋਵੇਂ ਨੇੜੇ-ਤੇੜੇ ਹੀ ਸਥਿਤ ਹਨ। ਇਹ ਬੇਸ ਗਲਵਾਨ ਘਾਟੀ ਤੋਂ 120 ਕਿਲੋਮੀਟਰ ਦੱਖਣ-ਪੂਰਬ 'ਚ ਸਥਿਤ ਹੈ, ਜਿੱਥੇ ਜੂਨ 2020 'ਚ ਇਕ ਝੜਪ ਹੋਈ ਸੀ। ਇਸ 'ਚ 20 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ। ਘੱਟੋ-ਘੱਟ ਚਾਰ ਚੀਨੀ ਫ਼ੌਜੀ ਮਾਰੇ ਗਏ ਸਨ। ਹਾਲਾਂਕਿ ਸੈਟੇਲਾਈਟ ਤਸਵੀਰਾਂ 'ਤੇ ਭਾਰਤੀ ਅਧਿਕਾਰੀਆਂ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News